ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਕਤੂਬਰ
ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.) ਦੇ ਡਾਕਟਰਾਂ ’ਤੇ ਅਧਾਰਿਤ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਵੱਲੋਂ ‘ਵਰਲਡ ਮੈਂਟਲ ਹੈਲਥ ਡੇਅ-2022’ ਮਨਾਇਆ ਗਿਆ। ਇਸ ਤਹਿਤ ਕੈਰੋਂ ਬਲਾਕ ਤੋਂ ਲੈ ਕੇ ਸੁਖਨਾ ਝੀਲ ਤੱਕ 5 ਕਿਲੋਮੀਟਰ ਦੀ ਦੌੜ ਲਗਾਈ ਗਈ। ਇਸ ਦੌੜ ਨੂੰ ਡੀਨ (ਅਕਾਦਮਿਕ) ਪ੍ਰੋ. ਰਾਕੇਸ਼ ਸਹਿਗਲ, ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਡੀ. ਬਾਸੂ ਅਤੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਦੌੜ ਵਿੱਚ ਪੀ.ਜੀ.ਆਈ. ਦੇ ਸਟਾਫ਼ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ, ਨਰਸਿੰਗ ਵਿਦਿਆਰਥੀਆਂ ਸਮੇਤ ਹੋਰ ਹੈਲਥ ਕੇਅਰ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ‘ਮੈਂਟਲ ਹੈਲਥ ਮੈਟਰਜ਼’ ਸਲੋਗਨ ਲਿਖੀਆਂ ਟੀ-ਸ਼ਰਟਾਂ ਵੀ ਦਿੱਤੀਆਂ ਗਈਆਂ। ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਦੇ ਵਿਦਿਆਰਥੀਆਂ ਵੱਲੋਂ ਕਿਸ਼ੋਰਾਂ ਦੀ ਮਾਨਸਿਕ ਸਿਹਤ ਉੱਤੇ ਪਾਲਣ ਪੋਸ਼ਣ ਦਾ ਪ੍ਰਭਾਵ ਵਿਸ਼ੇ ਨਾਲ ਸਬੰਧਿਤ ਨਾਟਕ ਖੇਡਿਆ ਗਿਆ। ਪ੍ਰੋ. ਦੇਬਾਸ਼ੀਸ਼ ਬਾਸੂ ਨੇ ਸਿਹਤਮੰਦ ਜੀਵਨ ਸ਼ੈਲੀ ਲਈ ਨਰੋਏ ਦਿਮਾਗ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਹੁਲ ਚੱਕਰਾਵਰਤੀ ਅਤੇ ਕੈਸ਼ੀਅਰ ਡਾ. ਸੰਜਨਾ ਨੇ ਇਸ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।