ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 1 ਜੁਲਾਈ
ਰੋਟਰੀ ਕਲੱਬ ਡੇਰਾਬੱਸੀ ਤੇ ਰੋਟ੍ਰੈਕਟ ਕਲੱਬ ਅਤੇ ਰੋਟਰੀ ਇੰਟਰਨੈਸ਼ਨਲ ਵੱਲੋਂ ਡਾਕਟਰ ਦਿਹਾੜੇ ’ਤੇ ਸਮਾਗਮ ਕੀਤਾ ਗਿਆ। ਇਸ ਦੌਰਾਨ ਕਰੋਨਾ ਮਹਾਮਾਰੀ ਦੌਰਾਨ ਸਭ ਤੋਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰਨ ਵਾਲੇ ਜ਼ਿਲ੍ਹੇ ਦੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੁਹਾਲੀ ਫੇਜ਼-6 ਸਥਿਤ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਐੱਚਐੱਸ ਚੀਮਾ, ਐੱਸਐੱਮਓ-2 ਡਾ. ਵਿਜੈ ਭਗਤ, ਡਾ. ਤਰਨਜੋਤ ਕੌਰ, ਡਾ. ਵਿਕਰਾਂਤ ਤੇ ਡਾ. ਮਨਪ੍ਰੀਤ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਜਿਵੇਂ ਸਰਹੱਦ ’ਤੇ ਫੌਜੀ ਜਵਾਨ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਦੀ ਰੱਖਿਆ ਕਰਦੇ ਹਨ। ਉਸੇ ਤਰ੍ਹਾਂ ਡਾਕਟਰਾਂ ਨੇ ਵੀ ਕਰੋਨਾ ਦੌਰਾਨ ਲੋਕਾਂ ਦੀ ਸੇਵਾ ਕੀਤੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਐੱਮਡੀਸੀ ਪੰਚਕੂਲਾ ਵਿੱਚ ਨੈਸ਼ਨਲ ਸਕਿਨ ਹਸਪਤਾਲ ਵਿੱਚ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਨੈਸ਼ਨਲ ਸਕਿਨ ਹਸਪਤਾਲ ਦੇ ਡਾਕਟਰ ਵਿਕਾਸ ਸ਼ਰਮਾ ਨੇ ਮਰਹੂਮ ਡਾਕਟਰ ਵਿਧਾਨ ਚੰਦ ਰਾਏ, ਜਿਨ੍ਹਾਂ ਦੇ ਨਾਂ ’ਤੇ ਡਾਕਟਰ ਦਿਵਸ ਮਨਾਇਆ ਜਾਂਦਾ ਹੈ, ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਡਾ. ਵਿਧਾਨ ਚੰਦ ਰਾਏ ਦਾ ਦੇਹਾਂਤ ਹੋਇਆ ਸੀ ਤੇ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਵੀ ਮਿਲਿਆ ਸੀ। ਇਸ ਮੌਕੇ ਡਾ. ਵਿਕਾਸ ਸ਼ਰਮਾ ਨੇ ਚਮੜੀ ਰੋਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਮੜੀ ਦੇ ਰੋਗ ਕਰੋਨਾ ਮਹਾਮਾਰੀ ਤੋਂ ਬਾਅਦ ਵਧੇ ਹਨ। ਉਨ੍ਹਾਂ ਕਿਹਾ ਕਿ ਚਮੜੀ ਸਬੰਧੀ ਕੋਈ ਵੀ ਦਿੱਕਤ ਆਉਣ ’ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ।