ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਕਤੂਬਰ
ਸੈਕਟਰ 19 ’ਚ ਰਹਿਣ ਵਾਲੇ ਡਾਕਟਰ ਦੇ ਘਰ ਵਿੱਚੋਂ 6 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਏ ਨੌਕਰ ਨੂੰ ਚੰਡੀਗੜ੍ਹ ਪੁਲੀਸ ਨੇ ਬਿਹਾਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਤੋਂ ਚੋਰੀ ਕੀਤੀ ਰਕਮ ’ਚੋਂ 4 ਲੱਖ ਰੁਪਏ ਬਰਾਮਦ ਕਰ ਲਏ ਹਨ। ਮੁਲਜ਼ਮ ਦੀ ਪਛਾਣ 27 ਸਾਲਾਂ ਰਿੰਕੂ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਡਾ. ਰਾਜੇਸ਼ ਕੁਮਾਰ ਦੇ ਘਰ ਰਹਿੰਦਾ ਸੀ। ਡਾ. ਰਾਜੇਸ਼ ਕਾਨਫਰੰਸ ’ਚ ਹਿੱਸਾ ਲੈਣ ਲਈ ਗੋਆ ਗਏ ਹੋਏ ਸਨ ਤੇ ਪਿੱਛੋਂ ਰਿੰਕੂ ਉਨ੍ਹਾਂ ਦੀ ਪਤਨੀ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ 6 ਲੱਖ ਰੁਪਏ ਅਤੇ ਸੋਨੇ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਕੇ ਫ਼ਰਾਰ ਹੋ ਗਿਆ।
ਘਟਨਾ ਤੋਂ ਬਾਅਦ ਮੁਲਜ਼ਮ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ। ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਬਿਹਾਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕੀਤਾ ਜਿਸ ਦੇ ਮਨੀਮਾਜਰਾ ’ਚ ਕਿਰਾਏ ’ਤੇ ਲਏ ਕਮਰੇ ਵਿੱਚੋਂ 4 ਲੱਖ ਰੁਪਏ ਬਰਾਮਦ ਕੀਤੇ।