ਸੰਜੀਵ ਬੱਬੀ
ਚਮਕੌਰ ਸਾਹਿਬ, 15 ਨਵੰਬਰ
ਚਮਕੌਰ ਸਾਹਿਬ ਅਤੇ ਨੇੜਲੇ ਕਸਬੇ ਬੇਲਾ ਤੇ ਬਹਿਰਾਮਪੁਰ ਬੇਟ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਬੜੇ ਅਮਨ ਪੂਰਬਕ ਢੰਗ ਨਾਲ ਮਨਾਇਆ। ਦੀਵਾਲੀ ਦੇ ਸ਼ੁੱਭ ਦਿਹਾੜੇ ’ਤੇ ਇੱਥੇ ਗੁਰਦੁਆਰੇ ਵਿਖੇ ਵੀ ਦੀਪਮਾਲਾ ਕੀਤੀ ਗਈ ਅਤੇ ਭਾਰੀ ਗਿਣਤੀ ਦੀ ਤਦਾਦ ਵਿੱਚ ਸੰਗਤਾਂ ਗੁਰਧਾਮਾਂ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਮਠਿਆਈਆਂ, ਇਲੈਕਟ੍ਰੌਨਿਕ ਵਸਤਾਂ ਅਤੇ ਭਾਂਡਿਆਂ ਦੀ ਵਿਕਰੀ ਕੁਝ ਠੀਕ-ਠਾਕ ਰਹੀ, ਉੱਥੇ ਹੀ ਪਟਾਕਿਆਂ ਦੀ ਵਿਕਰੀ ਵਿੱਚ ਤੇਜ਼ੀ ਵੇਖਣ ਨੂੰ ਮਿਲੀ। ਦੀਵਾਲੀ ਦੀ ਰਾਤ ਇਲਾਕੇ ਦੇ ਬਹੁਤਾਤ ਪਿੰਡਾਂ ਵਿੱਚ ਪਟਾਕੇ ਲੋਕਾਂ ਵੱਲੋਂ ਸੀਮਤ ਹੀ ਚਲਾਏ ਗਏ। ਭਾਵੇਂ ਕਿ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਵੱਡੀ ਪੱਧਰ ’ਤੇ ਘਟੀਆਂ ਮਠਿਆਈਆਂ ਵੇਚਣ ਵਿਰੁੱਧ ਕਾਰਵਾਈ ਕਰਨ ਦੇ ਬਿਆਨ ਦਿੱਤੇ ਸਨ ਪਰ ਇਲਾਕੇ ਵਿੱਚ ਕੁਝ ਕੁ ਨੂੰ ਛੱਡ ਕੇ ਬਹੁਤੇ ਦੁਕਾਨਦਾਰਾਂ ਨੇ ਘਟੀਆ ਮਿਆਰ ਦੀ ਮੁੱਲ ਮੰਗਵਾਈ ਹੋਈ ਮਠਿਆਈ ਹੀ ਵੇਚੀ, ਉੱਥੇ ਹੀ ਲੋਕਾਂ ਦੀ ਸ਼ਰ੍ਹੇਆਮ ਲੁੱਟ ਕਰਦਿਆਂ ਮਠਿਆਈ ਦੇ ਨਾਲ ਡੱਬੇ ਵੀ ਤੋਲੇ ਗਏ।
ਖਮਾਣੋਂ (ਜਗਜੀਤ ਕੁਮਾਰ): ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵਲੋਂ ਹਲਵਾਈਆਂ, ਫਲ ਵਿਕਰੇਤਾ, ਆਤਿਸ਼ਬਾਜ਼ੀ ਅਤੇ ਹੋਰ ਸਜਾਵਟੀ ਸਾਮਾਨ ਦੀਆਂ ਦੁਕਾਨਾਂ ’ਤੇ ਵੱਖ ਵੱਖ ਸਾਮਾਨ ਦੀ ਖਰੀਦੋ ਫਰੋਖਤ ਕੀਤੀ।
ਕੁਰਾਲੀ (ਮਿਹਰ ਸਿੰਘ): ਰੋਸ਼ਨੀ ਦਾ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਕੁਰਾਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਦੌਰਾਨ ਲੋਕਾਂ ਨੇ ਦੇਰ ਰਾਤ ਤੱਕ ਖੂਬ ਆਤਿਸਬਾਜ਼ੀ ਚਲਾਈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ’ਚ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਬਾਜ਼ਾਰਾਂ ਵਿੱਚ ਕਾਫ਼ੀ ਭੀੜ ਰਹੀ। ਪੰਚਕੂਲਾ ਦੇ ਨਾਢਾ ਸਾਹਿਬ ਗੁਰਦੁਆਰੇ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਲੋਕ ਨਤਮਸਤਕ ਹੁੰਦੇ ਰਹੇ। ਗੁਰਦੁਆਰੇ ਦੇ ਮੈਨੇਜਰ ਨੇ ਦੱਸਿਆ ਕਿ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਵਿਆਪਕ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰੇ ਵਿੱਚ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਕੀਤੀ ਗਈ। ਪੰਚਕੂਲਾ ਦੇ ਸੈਕਟਰ-7 ਗੁਰਦੁਆਰੇ ਵਿੱਚ ਵੀ ਕਾਫੀ ਭੀੜ ਰਹੀ।
ਅਮਲੋਹ (ਰਾਮ ਸਰਨ ਸੂਦ): ਅਮਲੋਹ, ਮੰਡੀ ਗੋਬਿੰਦਗੜ੍ਹ ਅਤੇ ਨੇੜਲੇ ਪਿੰਡਾਂ ਵਿਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਸ਼ਰਧਾ ਅਨੁਸਾਰ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਈਆਂ। ਰਾਤ ਸਮੇਂ ਆਤਿਸ਼ਬਾਜ਼ੀ ਚਲਾਈ ਗਈ ਅਤੇ ਆਪਣੇ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਸੁੰਦਰ ਲਾਈਟਾਂ ਅਤੇ ਦੀਪਮਾਲਾ ਨਾਲ ਸਜਾਇਆ ਗਿਆ। ਇਸ ਮੌਕੇ ਪੁਲੀਸ ਵਲੋਂ ਅਮਨ ਸ਼ਾਂਤੀ ਕਾਇਮ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ ਗਏ। ਰਾਮ ਬਾਗ ਅਮਲੋਹ ਵਿੱਚ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਦਾ ਮੁੱਖ ਸੇਵਾਦਾਰ ਬਲਦੇਵ ਸੇਢਾ ਵੱਲੋਂ ਸਨਮਾਨ ਕੀਤਾ ਗਿਆ।
ਪਿੰਡ ਤਲਾਣੀਆਂ ਦੇ ਸ਼ਮਸ਼ਾਨਘਾਟ ’ਚ ਦੀਵਾਲੀ ਮਨਾਈ
ਬਸੀ ਪਠਾਣਾਂ (ਅਜੇ ਮਲਹੋਤਰਾ): ਫਤਹਿਗੜ੍ਹ ਸਾਹਿਬ ਨਾਲ ਲੱਗਦੇ ਪਿੰਡ ਤਲਾਣੀਆਂ ’ਚ ਪਿੰਡ ਦੇ ਨੌਜਵਾਨਾਂ ਵੱਲੋਂ ਸਥਾਨਕ ਸ਼ਮਸ਼ਾਨਘਾਟ ਵਿੱਚ ਦੀਵਾਲੀ ਮਨਾਉਣ ਦੇ ਨਿਵੇਕਲੇ ਪ੍ਰਬੰਧ ਕਰ ਕੇ ਮਿਸਾਲ ਕਾਇਮ ਕੀਤੀ ਗਈ। ਪਿੰਡ ਤਲਾਣੀਆਂ ਤੋਂ ਡੇਰਾ ਮੀਰ ਮੀਆਂ ਸੜਕ ’ਤੇ ਬਣੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਰੰਗਦਾਰ ਲਾਈਟਾਂ ਦੇ ਨਾਲ-ਨਾਲ ਸੰਗੀਤ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ। ਇਸੇ ਦੌਰਾਨ ਆਯੋਜਕਾਂ ਵੱਲੋਂ ਆਏ ਲੋਕਾਂ ਲਈ ਟਿੱਕੀਆਂ, ਸਪਰਿੰਗ ਰੋਲ, ਗੋਲਗੱਪੇ ਅਤੇ ਚਾਹ-ਕੌਫੀ ਦਾ ਵੀ ਮੁਫਤ ਪ੍ਰਬੰਧ ਕੀਤਾ ਗਿਆ। ਆਯੋਜਕਾਂ ਨੇ ਦੱਸਿਆ ਕਿ ਪਿੰਡ ਦੇ ਕੁੱਝ ਨੌਜਵਾਨਾਂ ਨੇ ਇਹ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲੋਕ ਆਪਣੇ ਦਿਲਾਂ ਵਿੱਚ ਡਰ ਅਤੇ ਵਹਿਮ ਕੱਢ ਕੇ ਇੱਥੇੇ ਸਵੇਰੇ ਸ਼ਾਮ ਸੈਰ ਕਰਨ ਲਈ ਆਉਣ।