ਮੁਕੇਸ਼ ਕੁਮਾਰ
ਚੰਡੀਗੜ੍ਹ, 19 ਅਕਤੂਬਰ
ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਣ ਦੇ ਨਾਲ-ਨਾਲ ਲੋਕਾਂ ਵਿੱਚ ਉਤਸ਼ਾਹ ਵਧਦਾ ਜਾ ਰਿਹਾ ਹੈ। ਟ੍ਰਾਈਸਿਟੀ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਪਈਆਂ ਹਨ। ਇਸੇ ਦੌਰਾਨ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਬਾਜ਼ਾਰਾਂ ਨੂੰ ਰੰਗਦਾਰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਲੋਕਾਂ ਦੀ ਭੀੜ ਕਰ ਕੇ ਬਾਜ਼ਾਰਾਂ ਵਿੱਚ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਸਿਟੀ ਬਿਊਟੀਫੁੱਲ ਦੀ ਸੈਕਟਰ-18 ਅਤੇ 22 ਦੀ ਇਲੈਕਟ੍ਰਾਨਿਕ ਮਾਰਕੀਟ ਵਿੱਚ ਬਿਜਲੀ ਦੀਆਂ ਲਾਈਟਾਂ ਦੀ ਖ਼ਰੀਦਦਾਰੀ ਲਈ ਵੱਡੀ ਗਿਣਤੀ ਲੋਕ ਪੁੱਜ ਰਹੇ ਹਨ। ਇਸੇ ਤਰ੍ਹਾਂ ਸੈਕਟਰ-20, 21, 19, 27, 28, 34, 35, 41, 41 ਤੇ 45 ਆਦਿ ਦੀਆਂ ਮਾਰਕੀਟਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਖ਼ਰੀਦਦਾਰੀ ਲਈ ਪਹੁੰਚ ਰਹੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਨੂੰ ਸਜਾਉਣ ਦੀ ਜ਼ਿੰਮੇਵਾਰੀ ਚੰਡੀਗੜ੍ਹ ਨਗਰ ਨਿਗਮ ਦੇ ਹਵਾਲੇ ਕਰ ਦਿੱਤੀ ਹੈ। ਨਿਗਮ ਵੱਲੋਂ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ। ਨਗਰ ਨਿਗਮ ਨੇ ਇਮਾਰਤਾਂ ਨੂੰ ਸਜਾਉਣ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਸ ਤਹਿਤ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਅੱਠ ਸਰਕਾਰੀ ਇਮਾਰਤਾਂ ਅਤੇ ਸੱਤ ਮੁੱਖ ਚੌਕਾਂ ’ਤੇ ਆਰਜ਼ੀ ਲਾਈਟਾਂ ਲਗਾਈਆਂ ਜਾਣਗੀਆਂ। ਨਗਰ ਨਿਗਮ ਇਸ ’ਤੇ 18 ਲੱਖ ਰੁਪਏ ਖ਼ਰਚ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਭਵਨ, ਡੀਸੀ ਦਫ਼ਤਰ, ਕੈਪੀਟਲ ਕੰਪਲੈਕਸ ਅਤੇ ਪ੍ਰਸ਼ਾਸਨ ਦੇ ਸਕੱਤਰੇਤ ਦੀ ਇਮਾਰਤ ਨੂੰ ਵੀ ਰੰਗਦਾਰ ਲਾਈਟਾਂ ਨਾਲ ਸਜਾਇਆ ਜਾਵੇਗਾ। ਇਸ ਦੇ ਨਾਲ ਹੀ ਸੈਕਟਰ-6 ਅਤੇ 18 ਸਥਿਤ ਯੂਟੀ ਗੈਸਟ ਹਾਊਸ ਵਿੱਚ ਵੀ ਰੋਸ਼ਨੀ ਕੀਤੀ ਜਾਵੇਗੀ। ਇਹ ਲਾਈਟਾਂ ਦੀਵਾਲੀ ਤੱਕ ਲਗਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਰੋਸ਼ਨੀ ਲਈ 16 ਲੱਖ ਰੁਪਏ ਵੱਖਰੇ ਤੌਰ ’ਤੇ ਖ਼ਰਚ ਕੀਤੇ ਜਾਣਗੇ। ਡੀਸੀ ਦਫ਼ਤਰ ਵਿੱਚ ਲਾਈਟਾਂ ਲਾਉਣ ’ਤੇ 3 ਲੱਖ 60 ਹਜ਼ਾਰ ਰੁਪਏ, ਸੈਕਟਰ-17 ਦੀ ਸਰਕਾਰੀ ਇਮਾਰਤ ਅਤੇ ਮੇਅਰ ਹਾਊਸ ਵਿੱਚ ਲਾਈਟਾਂ ਲਾਉਣ ’ਤੇ ਦੋ ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਦੂਜੇ ਪਾਸੇ, ਸ਼ਹਿਰ ਦੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ‘ਫਾਸਵਕ’ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਲਾਈਟਾਂ ਕਿਰਾਏ ’ਤੇ ਲਗਵਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਆਪਣੀਆਂ ਲਾਈਟਾਂ ਖ਼ਰੀਦ ਕੇ ਲਗਵਾਏ, ਜੋ ਹਰ ਵਾਰ ਲਾਹੇਵੰਦ ਹੋਣਗੀਆਂ। ਇਸੇ ਤਰ੍ਹਾਂ ਸ਼ਹਿਰ ਵਾਸੀਆਂ ਦਾ ਵੀ ਕਹਿਣਾ ਕਿ ਨਿਗਮ ਪ੍ਰਸ਼ਾਸਨ ਬਿਜਲੀ ਦੀਆਂ ਲਾਈਟਾਂ ਦੀ ਥਾਂ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨੀ ਚਾਹੀਦੀ ਸੀ।
ਪਟਾਕਾ ਵਪਾਰੀ ਤਿਆਰੀਆਂ ਵਿੱਚ ਲੱਗੇ
ਯੂਟੀ ਪ੍ਰਸ਼ਾਸਨ ਵੱਲੋਂ ਦੋ ਸਾਲਾਂ ਬਾਅਦ ਸਿਟੀ ਬਿਊਟੀਫੁੱਲ ਵਿੱਚ ਗਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਦੇਣ ਕਰ ਕੇ ਪਟਾਕਾ ਵਪਾਰੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਇਸ ਲਈ ਪ੍ਰਸ਼ਾਸਨ ਨੇ ਸ਼ਹਿਰ ਵਿੱਚ 13 ਥਾਵਾਂ ਉੱਤੇ ਪਟਾਕਿਆਂ ਦਾ ਕਾਰੋਬਾਰ ਕਰਨ ਲਈ 96 ਜਣਿਆਂ ਨੂੰ ਲਾਇਸੈਂਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਟਾਕਾ ਮਾਰਕੀਟ ਵਿਚ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।