ਆਤਿਸ਼ ਗੁਪਤਾ
ਚੰਡੀਗੜ੍ਹ, 23 ਅਕਤੂਬਰ
ਚੰਡੀਗੜ੍ਹ ਤੇ ਮੁਹਾਲੀ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ ਲੋਕਾਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਕੀਤੇ ਜਾਣ ਕਾਰਨ ਸ਼ਹਿਰਾਂ ਵਿੱਚ ਥਾਂ-ਥਾਂ ’ਤੇ ਜਾਮ ਵਰਗੇ ਹਾਲਾਤ ਬਣੇ ਰਹੇ। ਸ਼ਹਿਰ ਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਛੁਟਕਾਰਾ ਦੁਆਉਣ ਲਈ ਟਰੈਫ਼ਿਕ ਪੁਲੀਸ ਮੁਸਤੈਦ ਸੀ। ਇਸ ਵਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਧਨਤੇਰਸ ਤੇ ਛੋਟੀ ਦੀਵਾਲੀ ਇਕੱਠੇ ਹੋਣ ਕਰਕੇ ਸੁਨਿਆਰਿਆਂ ਦੀਆਂ ਦੁਕਾਨਾਂ ਅਤੇ ਭਾਂਡਿਆਂ ਦੀਆਂ ਦੁਕਾਨਾਂ ’ਤੇ ਸਵੇਰ ਤੋਂ ਹੀ ਭੀੜ ਲੱਗੀ ਰਹੀ ਜਿੱਥੋਂ ਲੋਕ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਖਰੀਦਦਾਰੀ ਕਰਨ ਵਿੱਚ ਜੁੱਟੇ ਰਹੇ। ਸ਼ਹਿਰ ਦੇ ਸੈਕਟਰ-29, 30, 20, 21, 18, 22, 32, 33, 34, 35, 45, 46, 41, 40, ਮਨੀਮਾਜਰਾ, ਦੜੂਆ, ਬਲਟਾਣਾ, ਖੁੱਡਾ ਲਾਹੌਰਾ ਤੇ ਖੁੱਡਾ ਜੱਸੂ ਵਿੱਚ ਖਰੀਦਦਾਰਾਂ ਦੀ ਰੌਣਕ ਲੱਗੀ।
ਮੋਰਿੰਡਾ ਰੋਡ ਤੇ ਬਡਾਲੀ ਰੋਡ ’ਤੇ ਰਾਹਗੀਰ ਹੋਏ ਪ੍ਰੇਸ਼ਾਨ
ਕੁਰਾਲੀ (ਮਿਹਰ ਸਿੰਘ): ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਅੱਜ ਸਾਰਾ ਦਿਨ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਮੋਰਿੰਡਾ ਰੋਡ ਅਤੇ ਬਡਾਲੀ ਰੋਡ ਉੱਤੇ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਅੱਗੇ ਖੜ੍ਹੇ ਵਾਹਨ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਰਹੇ ਜਦਕਿ ਟਰੈਫਿਕ ਪੁਲੀਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਦੀਵਾਲੀ ਨੂੰ ਮੁੱਖ ਰੱਖ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅੱਜ ਖੂਬ ਰੌਣਕ ਰਹੀ। ਬਾਜ਼ਾਰਾਂ ਵਿੱਚ ਸਜੀਆਂ ਦੁਕਾਨਾਂ ਅਤੇ ਸਟਾਲਾਂ ਤੋਂ ਲੋਕਾਂ ਨੇ ਖੂਬ ਖ਼ਰੀਦੋ-ਫਰੋਖ਼ਤ ਕੀਤੀ ਪਰ ਸ਼ਹਿਰ ਦੀ ਮੋਰਿੰਡਾ ਰੋਡ ਅਤੇ ਬਡਾਲੀ ਰੋਡ ਉੱਤੇ ਸਥਿਤ ਆਤਿਸ਼ਬਾਜ਼ੀ ਦੀਆਂ ਕਈ ਦਰਜ਼ਨ ਦੁਕਾਨਾਂ ਅੱਗੇ ਸੜਕ ਉੱਤੇ ਹੀ ਹੁੰਦੀ ਰਹੀ ਪਾਰਕਿੰਗ ਅੱਜ ਆਵਾਜਾਈ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ। ਸੜਕਾਂ ਉੱਤੇ ਖੜ੍ਹੇ ਵਾਹਨ ਅਤੇ ਬੇਤਰਤੀਬੀ ਪਾਰਕਿੰਗ ਆਵਾਜਾਈ ਕਾਰਨ ਸ਼ਹਿਰ ਵਿੱਚ ਆਵਾਜਾਈ ਜਾਮ ਦੀ ਸਥਿਤੀ ਬਣੀ ਰਹੀ। ਅਨਾਜ ਮੰਡੀ ਨੂੰ ਜਾਣ ਵਾਲੀ ਬਡਾਲੀ ਰੋਡ ਉੱਤੇ ਝੋਨੇ ਦੀਆਂ ਟਰਾਲੀਆਂ ਤੇ ਟਰੱਕਾਂ ਕਾਰਨ ਸਥਿਤੀ ਹੋਰ ਵੀ ਭਿਆਨਕ ਰਹੀ। ਇਸ ਕਾਰਨ ਜਿੱਥੇ ਸ਼ਹਿਰ ਦੇ ਕਈ ਵਾਰਡਾਂ ਤੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸਾਰਾ ਦਿਨ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਉੱਥੇ ਮੰਡੀ ਵਿੱਚ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਵੀ ਬੇਹੱਦ ਪ੍ਰੇਸ਼ਾਨੀ ਹੋਈ। ਕੌਮੀ ਮਾਰਗ ਉੱਤੇ ਬਣੇ ਕੁਰਾਲੀ ਬਾਈਪਾਸ ਕਾਰਨ ਚੰਡੀਗੜ੍ਹ ਤੇ ਰੂਪਨਗਰ ਜਾਣ ਵਾਲੇ ਵਾਹਨਾਂ ਨੂੰ ਕੁਝ ਰਾਹਤ ਰਹੀ ਪਰ ਫਿਰ ਵੀ ਦੇਰ ਸ਼ਾਮ ਨੂੰ ਸਿੱਸਵਾਂ ਰੋਡ ਅਤੇ ਸ਼ਹਿਰ ਦੇ ਮੇਨ ਚੌਕ ਵਿੱਚ ਵਾਹਨਾਂ ਦਾ ਘੜਮੱਸ ਮਚਿਆ ਰਿਹਾ। ਇਸ ਦੌਰਾਨ ਕਈ ਵਾਹਨ ਆਪਸ ਵਿੱਚ ਖਹਿ ਗਏ ਜਦਕਿ ਇਸ ਕਾਰਨ ਹੀ ਲੋਕਾਂ ਦੀ ਤਕਰਾਰ ਵੀ ਹੁੰਦੀ ਰਹੀ।
ਦੀਵਾਲੀ ’ਤੇ ਪਈ ਮਹਿੰਗਾਈ ਦੀ ਮਾਰ
ਮਹਿੰਗਾਈ ਦਾ ਅਸਰ ਦੀਵਾਲੀ ’ਤੇ ਵੀ ਦੇਖਣ ਨੂੂੰ ਮਿਲ ਰਿਹਾ ਹੈ। ਇਸ ਵਾਰ ਮੋਮਬੱਤੀ ਦੇ ਪੈਕੇਟ ਦੀ ਕੀਮਤ ਵਿੱਚ 25 ਤੋਂ 30 ਫ਼ੀਸਦ ਤੱਕ ਦਾ ਵਾਧਾ ਹੋ ਗਿਆ ਹੈ। ਦੀਵੇ ਵੀ ਪਹਿਲਾਂ ਨਾਲੋਂ ਮਹਿੰਗੇ ਹੋ ਗਏ ਹਨ। ਸੈਕਟਰ-26 ਸਬਜ਼ੀ ਮੰਡੀ ਦੇ ਵਪਾਰੀ ਪੁਨੀਤ ਕੁਮਾਰ ਨੇ ਦੱਸਿਆ ਕਿ ਵੈਕਸ ਦੀਆਂ ਕੀਮਤਾਂ ਵਧਣ ਕਰਕੇ ਮੋਮਬੱਤੀ ਦੇ ਭਾਅ ਵਧ ਗਏ ਹਨ। ਸੈਕਟਰ-20 ਵਿੱਚ ਦੀਵਿਆਂ ਦਾ ਕਾਰੋਬਾਰ ਕਰਨ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਗੈਰ ਮੌਸਮੇ ਮੀਂਹ ਕਰਕੇ ਦੀਵੇ ਲੋੜ ਅਨੁਸਾਰ ਤਿਆਰ ਨਹੀਂ ਹੋ ਸਕੇ। ਇਸੇ ਕਰਕੇ ਦੀਵੇ ਪਹਿਲਾਂ ਦੇ ਮੁਕਾਬਲੇ ਮਹਿੰਗੇ ਹਨ।
ਪਟਾਕਾ ਕਾਰੋਬਾਰੀਆਂ ਦੀਆਂ ਦੁਕਾਨਾਂ ਪਈਆਂ ਖਾਲੀ
ਯੂਟੀ ਪ੍ਰਸ਼ਾਸਨ ਵੱਲੋਂ ਦੋ ਸਾਲ ਬਾਅਦ ਸਿਟੀ ਬਿਊਟੀਫੁੱਲ ਵਿੱਚ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ 13 ਥਾਵਾਂ ’ਤੇ 96 ਜਣਿਆਂ ਨੂੰ ਪਟਾਕਿਆਂ ਦਾ ਕਾਰੋਬਾਰ ਕਰਨ ਦੇ ਲਾਈਸੈਂਸ ਦਿੱਤੇ ਹਨ। ਇਸ ਵਾਰ ਲੋਕਾਂ ਵਿੱਚ ਪਟਾਕਿਆਂ ਸਬੰਧੀ ਉਤਸ਼ਾਹ ਵੀ ਮੱਠਾ ਦਿਖਾਈ ਦੇ ਰਿਹਾ ਹੈ। ਸ਼ਨਿੱਚਰਵਾਰ ਨੂੰ ਦੁਪਹਿਰ ਸਮੇਂ ਤੱਕ ਸ਼ਹਿਰ ਵਿੱਚ ਪਟਾਕਿਆਂ ਦੀਆਂ ਦੁਕਾਨਾਂ ’ਤੇ ਇਕਾ-ਦੁੱਕਾ ਗਾਹਕ ਦਿਖਾਈ ਦਿੱਤੇ ਜਦੋਂ ਕਿ ਸ਼ਾਮ ਸਮੇਂ ਕੁਝ ਗਾਹਕ ਖਰੀਦਦਾਰੀ ਕਰ ਰਹੇ ਹਨ। ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਪਟਾਕਿਆਂ ਦੀ ਕੀਮਤ ਵੀ ਪਿਛਲੇ ਸਾਲ ਦੇ ਮੁਕਾਬਲੇ 35 ਤੋਂ 40 ਫ਼ੀਸਦ ਵੱਧ ਹੈ, ਜਿਸ ਕਰਕੇ ਪਹਿਲਾਂ ਦੇ ਮੁਕਾਬਲੇ ਲੋਕ ਘੱਟ ਪਟਾਕੇ ਖਰੀਦ ਰਹੇ ਹਨ।
ਲੋਕਾਂ ਨੂੰ ਜਾਗਰੂਕ ਕਰਨ ’ਚ ਲੱਗੀ ਟਰੈਫਿਕ ਪੁਲੀਸ
ਤਿਉਹਾਰਾਂ ਦੇ ਸੀਜ਼ਨ ਕਰਕੇ ਸ਼ਹਿਰ ਵਿੱਚ ਆਵਾਜਾਈ ਸਮੱਸਿਆ ਸਭ ਤੋਂ ਵੱਧ ਹੁੰਦੀ ਹੈ। ਇਸੇ ਦੌਰਾਨ ਟਰੈਫਿਕ ਪੁਲੀਸ ਦੇ ਮੁਲਾਜ਼ਮ ਐੱਸਆਈ ਭੁਪਿੰਦਰ ਸਿੰਘ ਲੋਕਾਂ ਨੂੰ ਗੀਤ ਗਾ ਕੇ ਜਾਗਰੂਕ ਕਰ ਰਹੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸਹਿਰ ਦੇ ਢਾਈ ਦਰਜਨ ਦੇ ਕਰੀਬ ਸਕੂਲਾਂ ਦੀ ਪਾਰਕਿੰਗਾਂ ਨੂੰ ਵੀ ਆਰਜ਼ੀ ਤੌਰ ’ਤੇ ਜਨਤਕ ਪਾਰਕਿੰਗ ਵਜੋਂ ਵਰਤਿਆਂ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਹਨ ਪਾਰਕਿੰਗ ਵਿੱਚ ਖੜ੍ਹੇ ਕਰਨ ਦੀ ਅਪੀਲ ਕੀਤੀ ਗਈ।