ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਕਤੂਬਰ
ਇੱਥੋਂ ਦੇ ਨਜ਼ਦੀਕੀ ਪਿੰਡ ਤੰਗੌਰੀ ਵਿੱਚ ਅੱਜ ਜ਼ਿਲ੍ਹਾ ਮੁਹਾਲੀ ਦੇ ਸਰਪੰਚਾਂ ਤੇ ਪੰਚਾਇਤੀ ਸੰਸਥਾਵਾਂ ਦੇ ਮੈਂਬਰਾਂ ਨੇ ਇਕੱਤਰਤਾ ਕੀਤੀ ਜਿਸ ਵਿੱਚ ਜ਼ਿਲ੍ਹੇ ਦੇ ਚਾਰੋਂ ਬਲਾਕਾਂ ਮੁਹਾਲੀ, ਖਰੜ, ਡੇਰਾਬੱਸੀ ਤੇ ਮਾਜਰੀ ਵਿੱਚੋਂ ਵੱਡੀ ਗਿਣਤੀ ਵਿੱਚ ਸਰਪੰਚ ਸ਼ਾਮਲ ਹੋਏ। ਇਸ ਮੌਕੇ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਕੁਰੜੀ ਦੇ ਸਰਪੰਚ ਛੱਜਾ ਸਿੰਘ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ।
ਯੂਨੀਅਨ ਦੇ ਬਾਕੀ ਅਹੁਦੇਦਾਰਾਂ ਵਿੱਚ ਬਹਾਦਰ ਸਿੰਘ (ਸਰਪੰਚ ਬਲੌਂਗੀ) ਉੱਪ ਪ੍ਰਧਾਨ, ਗੁਰਜਿੰਦਰ ਸਿੰਘ (ਨੰਡਿਆਲੀ) ਜਨਰਲ ਸਕੱਤਰ, ਰੀਟਾ ਰਾਣੀ (ਸਰਪੰਚ ਚਡਿਆਲਾ) ਖਜ਼ਾਨਚੀ ਅਤੇ ਜਗਤਾਰ ਸਿੰਘ (ਸਰਪੰਚ ਬਾਕਰਪੁਰ) ਪ੍ਰੈਸ ਸਕੱਤਰ ਚੁਣੇ ਗਏ। ਇਸ ਮੌਕੇ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜ਼ੋਰਾ ਸਿੰਘ (ਸਰਪੰਚ ਮਨੌਲੀ), ਚੌਧਰੀ ਭਗਤ ਰਾਮ (ਸਰਪੰਚ ਸਨੇਟਾ), ਬਲਿਹਾਰ ਸਿੰਘ (ਸਰਪੰਚ ਅਮਲਾਲਾ), ਮੰਗਲ ਸਿੰਘ (ਸਰਪੰਚ ਸਿਆਊ), ਹਰਦੀਪ ਸਿੰਘ ਫ਼ਤਹਿਪੁਰ, ਜਗਦੀਸ਼ ਰਾਮ ਕੁੜਾਂਵਾਲਾ ਤੇ ਜਸਵਿੰਦਰ ਸਿੰਘ (ਸਰਪੰਚ ਗਿੱਦੜਪੁਰ) ਮੈਂਬਰ ਚੁਣੇ ਗਏ।
ਇਸ ਮੌਕੇ ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਕਰਮਜੀਤ ਸਿੰਘ ਸਰਪੰਚ ਬਠਲਾਣਾ, ਅਮਰੀਕ ਸਿੰਘ ਸਰਪੰਚ ਕੰਡਾਲਾ, ਐਡਵੋਕੇਟ ਅਮਨਦੀਪ ਕੌਰ ਸਰਪੰਚ ਤੰਗੌਰੀ, ਭੁਪਿੰਦਰ ਕੁਮਾਰ ਸਰਪੰਚ ਨਗਾਰੀ ਤੇ ਦੇਵਿੰਦਰ ਸਿੰਘ ਸਰਪੰਚ ਕੁਰੜਾ ਆਦਿ ਵੀ ਹਾਜ਼ਰ ਸਨ।
ਸਰਪੰਚਾਂ ਨੂੰ ਮਾਣ ਭੱਤਾ ਦੇਣ ਦੀ ਮੰਗ
ਸਰਪੰਚਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਪੰਚਾਂ ਨੂੰ ਮਿਲਦਾ ਮਹੀਨਾਵਾਰੀ ਮਾਣਭੱਤਾ ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਬਣਿਆਂ ਪੌਣੇ ਚਾਰ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਪਰ ਅੱਜ ਤੱਕ ਕਿਸੇ ਵੀ ਸਰਪੰਚ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਗਿਆ।