ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 2 ਫਰਵਰੀ
ਡਾਕਟਰ ਸੰਗੀਤਾ ਜੈਨ, ਸੀਨੀਅਰ ਮੈਡੀਕਲ ਅਫ਼ਸਰ ਬਲਾਕ ਦੀ ਅਗਵਾਈ ਹੇਠ ਘੱਗਰ ਕੁਸ਼ਟ ਆਸ਼ਰਮ ਮੁਬਾਰਿਕਪੁਰ ਵਿਖੇ ਕੁਸ਼ਟ ਰੋਗੀਆਂ ਨੂੰ ਸਪੋਰਟਿਵ ਮੈਡੀਸਨ ਜਿਵੇਂ ਕਿ ਪੱਟੀਆਂ ਬੀਟਾਡੀਨ, ਸੁਫਰਾਮਾਈਸੀਨ ਕਰੀਮ, ਗਾਜ ਪੀਸ, ਜਿੰਕ ਸਲਫੇਟ ਆਦਿ ਦਵਾਈਆਂ ਵੰਡੀਆਂ ਗਈਆਂ।
ਇਸ ਤੋਂ ਇਲਾਵਾ ਉੱਥੇ ਰਹਿ ਰਹੇ ਸਾਰੇ ਮੈਂਬਰਾਂ ਨੂੰ ਫੇਸ ਮਾਸਕ ਹੈਂਡ ਸੈਨੀਟਾਈਜ਼ਰ ਅਤੇ ਫਰੂਟ ਆਦਿ ਦਿੱਤਾ ਗਿਆ। ਇਸ ਮੌਕੇ ਆਸ਼ਰਮ ਵਿੱਚ ਇਕੱਤਰ ਹੋਏ ਲੋਕਾਂ ਨੂੰ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾਕਟਰ ਜਸਕੰਵਲ ਕੌਰ ਅਤੇ ਡਾ. ਸੰਦੀਪ ਵੱਲੋਂ ਲੈਪਰੋਸੀ ਰੋਗ ਤੋਂ ਬਚਾਅ ਲਈ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਰੋਗ ਨਾਲ ਚਮੜੀ ਉੱਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ, ਨਸਾਂ ਦਾ ਮੋਟਾ ਹੋ ਜਾਣਾ, ਸਰੀਰ ਕਮਜ਼ੋਰ ਹੋ ਜਾਣਾ, ਨਿਸ਼ਾਨ ਉੱਤੇ ਗਰਮ-ਠੰਢੇ ਦਾ ਪਤਾ ਨਾ ਲੱਗਣਾ, ਅੱਖਾਂ ਵਿੱਚ ਹੋਣ `ਤੇ ਅੱਖਾਂ ਦਾ ਬੰਦ ਨਾ ਹੋਣਾ ਆਦਿ ਮੁੱਖ ਲੱਛਣ ਹੁੰਦੇ ਹਨ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਅੰਗਹੀਣਤਾ ਵੀ ਹੋ ਜਾਦੀ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਛੂਤ ਦੀਆਂ ਬਿਮਾਰੀਆਂ ’ਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ। ਇਸ ਮੌਕੇ ਸੁਖਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਗੁਰਜਿੰਦਰ ਸਿੰਘ ਲੈਪਰੋਸੀ ਸੁਪਰਵਾਈਜ਼ਰ, ਪਰਮਜੀਤ ਕੌਰ ਸਿਹਤ ਕਰਮਚਾਰੀ ਅਤੇ ਸਥਾਨਕ ਆਸ਼ਾ ਵਰਕਰ ਰੇਨੂੰ ਤੇ ਆਂਚਲ ਵੀ ਹਾਜ਼ਰ ਸਨ।