ਮੁੱਖ ਅੰਸ਼
- ਇਕ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ
- ਜ਼ਖ਼ਮੀ ਪਰਿਵਾਰ ਵੱਲੋਂ ਸਰਪੰਚ ਦੇ ਪਤੀ ਤੇ ਪੁੱਤਰ ’ਤੇ ਹਮਲਾ ਕਰਨ ਦਾ ਦੋਸ਼
ਹਰਜੀਤ ਸਿੰਘ
ਜ਼ੀਰਕਪੁਰ, 23 ਫਰਵਰੀ
ਨੇੜਲੇ ਪਿੰਡ ਬਹਾਦੁਰਗੜ੍ਹ ਵਿੱਚ ਹੋਏ ਇਕ ਝਗੜੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਰਸ਼ਪਾਲ ਸਿੰਘ ਨੇ ਦੋਸ਼ ਲਾਇਆ ਕਿ ਲੰਘੀ ਸ਼ਾਮ ਉਸ ਦੇ 16 ਸਾਲਾ ਲੜਕੇ ਗੁਰਮੁੱਖ ਸਿੰਘ ਨੂੰ ਪਿੰਡ ਦੀ ਸਰਪੰਚ ਦੇ ਲੜਕੇ ਨੇ ਬੁਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਅੱਜ ਸਵੇਰ ਪਿੰਡ ਵਿੱਚ ਪੰਚਾਇਤ ਸੱਦੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਚਾਇਤ ਵਿੱਚ ਸਰਪੰਚ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਨਸਾਫ ਤਾਂ ਕੀ ਦੇਣਾ ਸੀ ਸਗੋਂ ਭਰੀ ਪੰਚਾਇਤ ਵਿੱਚ ਸਰਪੰਚ ਦੇ ਪਤੀ ਅਤੇ ਉਸ ਦੇ ਪੁੱਤਰ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਪੰਚਾਇਤ ਵਿੱਚ ਹਾਜ਼ਰ ਪਿੰਡ ਵਾਸੀ ਉਨ੍ਹਾਂ ਨੂੰ ਛੁਡਵਾਉਣ ਲੱਗੇ ਤਾਂ ਹਮਲਾਵਰਾਂ ਨੇ ਪਿੰਡ ਵਾਸੀ ਵੀ ਨਹੀਂ ਬਖ਼ਸ਼ੇ। ਦੂਜੇ ਪਾਸੇ ਦੂਜੀ ਧਿਰ ਵੱਲੋਂ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਸ਼ੱਤਰੁਧਨ ਨੇ ਦੱਸਿਆ ਕਿ ਅੱਜ ਉਹ ਪਿੰਡ ਵਿੱਚ ਜਾ ਰਿਹਾ ਸੀ ਤਾਂ ਪਿੰਡ ਦੇ ਕੁਝ ਲੋਕਾਂ ਵੱਲੋਂ ਬਿਨਾ ਕਿਸੇ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ। ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਰਪੰਚ ਦੇ ਪਤੀ ਨੇ ਦੋਸ਼ ਨਕਾਰੇ
ਸਰਪੰਚ ਦੇ ਪਤੀ ਕੁਲਬੀਰ ਸਿੰਘ ਨੇ ਆਪਣੇ ਤੇ ਪੁੱਤਰ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਿੰਡ ਵਿੱਚ ਦੋ ਧਿਰਾਂ ਦੀ ਲੜਾਈ ਹੋਈ ਹੈ ਜਿਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਗਏ ਦੋਸ਼ ਬੇਬੁਨਿਆਦ ਹਨ।
ਮੋਟਰਸਾਈਕਲ ਖੜ੍ਹਾ ਕਰਨ ਤੋਂ ਹੋਏ ਝਗੜੇ ’ਚ ਦੋ ਜ਼ਖ਼ਮੀ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਬਲਟਾਣਾ ਅਧੀਨ ਆਉਂਦੇ ਸੈਣੀ ਵਿਹਾਰ, ਫੇਜ਼ 2 ਵਿੱਚ ਇਕ ਘਰ ਅੱਗੇ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਦੇ ਆਧਾਰ ’ਤੇ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਿਸ਼ਭ ਉਰਫ਼ ਰਿਸ਼ੂ ਵਾਸੀ ਸੈਣੀ ਵਿਹਾਰ, ਫੇਜ਼-2 ਨੇ ਦੱਸਿਆ ਕਿ ਉਹ ਇੱਥੇ ਆਪਣੇ ਇਕ ਰਿਸ਼ਤੇਦਾਰ ਨਾਲ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ। ਬੀਤੇ ਦਿਨ ਉਸ ਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਕੀਤਾ ਸੀ। ਗਲੀ ਤੰਗ ਹੋਣ ਕਾਰਨ ਇਕ ਆਲਟੋ ਕਾਰ ਚਾਲਕ ਹਾਰਨ ਮਾਰ ਰਿਹਾ ਸੀ। ਜਦੋਂ ਉਹ ਹਾਰਨ ਸੁਣ ਕੇ ਹੇਠਾਂ ਮੋਟਰਸਾਈਕਲ ਨੂੰ ਇਕ ਪਾਸੇ ਕਰਨ ਗਿਆ ਤਾਂ ਕਾਰ ਚਾਲਕ ਉਸ ਨੂੰ ਗਾਲ੍ਹਾਂ ਕੱਢਣ ਲੱਗ ਗਿਆ ਅਤੇ ਉਸ ਨੇ ਆਪਣੇ ਇਕ ਸਾਥੀ ਨੂੰ ਸੱਦ ਕੇ ਉਸ ਦੀ ਅਤੇ ਉਸ ਦੇ ਰਿਸ਼ਤੇਦਾਰ ਦੀ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋ ਗਏ।