ਸਰਬਜੀਤ ਸਿੰਘ ਭੱਟੀ
ਲਾਲੜੂ, 20 ਸਤੰਬਰ
ਇਥੇ ਗਡਰੀਆ ਸਮਾਜ ਦੀਆਂ ਮੁਸ਼ਕਿਲਾਂ ਦੇ ਚਲਦੇ ਗਡਰੀਆ ਸਮਾਜ ਭਲਾਈ ਸੰਗਠਨ ਦੇ ਬੈਨਰ ਥੱਲੇ ਸਮਾਜ ਦੇ ਪ੍ਰਮੁੱਖ ਵਿਅਕਤੀਆਂ ਦੀ ਇਕ ਮੀਟਿੰਗ ਲਾਲੜੂ ਦੀ ਨਵੀਂ ਦਾਣਾ ਮੰਡੀ ਵਿੱਚ ਹੋਈ। ਇਸ ਵਿੱਚ ਸਮਾਜ ਦੀਆਂ ਭੇਡਾਂ, ਬੱਕਰੀਆਂ ਨੂੰ ਚੋਰੀ ਕਰਨ ਦੀ ਵਾਰਦਾਤਾਂ ਵਧਣ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਦੌਰਾਨ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਤਸਿੰਬਲੀ ਤੋਂ ਮਲਕੀਤ ਸਿੰਘ, ਮਨਫੂਲ ਵਾਸੀ ਅਰਜੁਨ ਮਾਜਰਾ, ਜ਼ਿਲ੍ਹਾ ਯਮੁਨਾਨਗਰ, ਗੁਰਮੀਤ ਲਾਲ ਵਾਸੀ ਸੰਭਾਲਖਾ, ਤਹਿਸੀਲ ਸਾਹਕੋਟ, ਲਾਲੜੂ ਤੋਂ ਦਲਵਿੰਦਰ ਸਿੰਘ ਅਤੇ ਖੇੜਾਂ ਮਾਣਕਪੁਰ ਤੋਂ ਸੁਰਜੀਤ ਸਿੰਘ ਘੜੂੰਆਂ ਜ਼ਿਲ੍ਹਾ ਮੁਹਾਲੀ, ਪ੍ਰਵੀਨ ਵਾਸੀ ਹੈਬਤਪੁਰ, ਯਮਨਾਨਗਰ, ਜਰਨੈਲ ਸਿੰਘ ਕਾਮੀਕਲਾਂ, ਆਦਿ ਦੀਆਂ ਭੇਡਾਂ ਚੋਰ ਗਰੋਹ ਵੱਲੋਂ ਪਿਛਲੇ ਸਮੇਂ ਦੌਰਾਨ ਚੋਰੀ ਕੀਤੀਆਂ ਗਈਆਂ ਅਤੇ ਸਮਾਜ ਦੇ ਪਸ਼ੂ ਪਾਲਕਾਂ ਨਾਲ ਮਾਰਕੁੱਟ ਤੇ ਲੁੱਟਖੋਹ ਵੀ ਕੀਤੀ ਗਈ। ਇਸ ਮੌਕੇ ਗਡਰੀਆ ਸਮਾਜ ਦੇ ਆਗੂ ਸਾਬਕਾ ਸਰਪੰਚ ਗੱਜਣ ਸਿੰਘ ਮਨੌਲੀ, ਮਲਕੀਤ ਸਿੰਘ ਤਸਿੰਬਲੀ, ਤਲਵਿੰਦਰ ਸਿੰਘ, ਕੁਲਦੀਪ ਸਿੰਘ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ।