ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਮਈ
ਸ੍ਰੀ ਗੁਰੂ ਨਾਨਕ ਦੇਵ ਜੀ ਇੰਟਰ ਰਿਲੀਜੀਅਸ ਫਾਊਂਡੇਸ਼ਨ ਚੰਡੀਗੜ੍ਹ ਅਤੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਅਜਨਾਲਾ ਦੇ ਸਾਂਝੇ ਉਦਮ ਨਾਲ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ‘ਵਿਰਸਾ ਸੰਭਾਲ’ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਡਾ. ਪਿਆਰੇ ਲਾਲ ਗਰਗ, ਡਾ. ਇੰਦਰਜੀਤ ਸਿੰਘ ਵਾਸੂ, ਪ੍ਰੋ. ਸੁਖਦਿਆਲ ਸਿੰਘ, ਨਰਿੰਦਰ ਸਿੰਘ ਬੁੱਢਾ ਦਲ, ਡਾ. ਭਗਵਾਨ ਸਿੰਘ ਸਮੇਤ ਹੋਰ ਵੱਖ-ਵੱਖ ਵਿਦਵਾਨਾਂ ਨੇ ਸਿੱਖ ਇਤਿਹਾਸ, ਵਿਰਸੇ ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਵਰਗੇ ਪਹਿਲੂਆਂ ’ਤੇ ਵਿਚਾਰ ਮੰਥਨ ਕੀਤਾ।
ਬੁਲਾਰਿਆਂ ਨੇ ਮੁੱਠੀ ’ਚੋਂ ਰੇਤਾ ਵਾਂਗ ਕਿਰਦੇ ਜਾ ਰਹੇ ਮਹਾਨ ਵਿਰਸੇ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮਾਣਮੱਤੀਆਂ ਕਦਰਾਂ-ਕੀਮਤਾਂ ’ਤੇ ਅਮਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਲਈ ਮਨੁੱਖੀ ਕਿਰਦਾਰ ਦੀ ਉਸਾਰੀ ਬਹੁਤ ਜ਼ਰੂਰੀ ਹੈ। ਇਸ ਸੰਮੇਲਨ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੜ੍ਹਾਈਆਂ ਗਈਆਂ ਇਤਿਹਾਸ ਦੀਆਂ ਪੁਸਤਕਾਂ ਦਾ ਮੁੱਦਾ ਵੀ ਉਭਾਰਿਆ ਗਿਆ। ਇਸ ਮੌਕੇ ਇਹ ਮੰਗ ਵੀ ਚੁੱਕੀ ਗਈ ਕਿ ਸਰਕਾਰ ਨੂੰ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਸਾਰੇ ਸਾਜਿਸ਼ਕਾਰਾਂ ਨੂੰ ਸਖ਼ਤ ਸਜ਼ਾ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਸੰਮੇਲਨ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਸਿੱਧੂ, ਡਾ. ਗੁਰਚਰਨ ਸਿੰਘ, ਸਿੱਖ ਆਗੂ ਬਲਦੇਵ ਸਿੰਘ ਸਿਰਸਾ, ਆਈਏਐੱਸ (ਸੇਵਾਮੁਕਤ) ਕੁਲਬੀਰ ਸਿੰਘ ਸਿੱਧੂ, ਰਛਪਾਲ ਸਿੰਘ ਨੇ ਸੰਮੇਲਨ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।