ਹਰਦੇਵ ਚੌਹਾਨ
ਚੰਡੀਗੜ੍ਹ, 19 ਦਸੰਬਰ
ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਡਾ. ਮਨਮੋਹਨ ਦੇ ਨਵੇਂ ਨਾਵਲ ‘ਸਹਜ ਗੁਫਾ ਮਹਿ ਆਸਣੁ’ ਉਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਕੌਂਸਲ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ।
ਡਾ. ਪਾਤਰ ਨੇ ਆਖਿਆ ਕਿ ਮਨਮੋਹਨ ਸਹਿਜ ਗਤੀ ਨਾਲ ਲਿਖਣ ਵਾਲਾ ਲੇਖਕ ਹੈ। ਉਸ ਦੀ ਸ਼ਖਸੀਅਤ ਵੀ ਉਸ ਦੀ ਲੇਖਣੀ ਵਾਂਗ ਸਹਿਜ ਭਰੀ ਹੈ। ਉਨ੍ਹਾਂ ਮਨਮੋਹਨ ਨੂੰ ਨਵੇਂ ਨਾਵਲ ਦੇ ਰਿਲੀਜ਼ ਹੋਣ ’ਤੇ ਵਧਾਈ ਦਿੱਤੀ। ਕੌਂਸਲ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਕੌਂਸਲ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਮਨਮੋਹਨ ਦੇ ਨਾਵਲ ਉਤੇ ਖੋਜ ਭਰਪੂਰ ਪੱਤਰ ਪੇਸ਼ ਕੀਤਾ ਤੇ ਨਾਵਲ ਦੇ ਵੱਖ-ਵੱਖ ਪੱਖਾਂ ਉਤੇ ਚਰਚਾ ਕੀਤੀ। ਡਾ. ਅਮਰਜੀਤ ਗਰੇਵਾਲ ਨੇ ਇਸ ਨਾਵਲ ਨੂੰ ਪੰਜਾਬੀ ਨਾਵਲ ਖੇਤਰ ਦੀ ਅਹਿਮ ਪ੍ਰਾਪਤੀ ਕਿਹਾ। ਡਾ. ਤੇਜਿੰਦਰ ਸਿੰਘ ਨੇ ਪੱਤਰ ਪੇਸ਼ ਕਰਦਿਆਂ ਇਸ ਨੂੰ ਲੋਕ ਧਾਰਾ ਦਾ ਨਾਵਲ ਆਖਿਆ। ਡਾ. ਮਨਮੋਹਨ ਨੇ ਨਾਵਲ ਦੀ ਸਿਰਜਣਾ ਵਾਲੇ ਪਲਾਂ ਨੂੰ ਸਾਂਝਾ ਕੀਤਾ। ਮੰਚ ਸੰਚਾਲਕ ਡਾ. ਲਖਵਿੰਦਰ ਜੌਹਲ ਨੇ ਆਏ ਵਿਦਵਾਨਾਂ ਤੇ ਲੇਖਕਾਂ ਦਾ ਸਵਾਗਤ ਕੀਤਾ। ਸਮਾਗਮ ਵਿਚ ਨਿੰਦਰ ਘੁਗਿਆਣਵੀ, ਸੁਖਜੀਤ, ਗੁਲ ਚੌਹਾਨ, ਜੰਗ ਬਹਾਦਰ ਗੋਇਲ, ਡਾ. ਪਰਵੀਨ, ਸਾਬਕਾ ਡੀਜੀਪੀ ਹਰਦੀਪ ਸਿੰਘ ਢਿਲੋਂ, ਜੰਗ ਬਹਾਦਰ ਗੋਇਲ, ਬਲੀਜੀਤ, ਸੁਰਜੀਤ ਸੁਮਨ, ਦੀਵਾਨ ਮਾਨਾ, ਜਗਦੀਪ ਸਿੱਧੂ ਆਦਿ ਹਾਜ਼ਰ ਸਨ।