ਹਰਦੇਵ ਚੌਹਾਨ
ਚੰਡੀਗੜ੍ਹ, 7 ਫਰਵਰੀ
ਇੱਥੇ ਅੱਜ ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹਰਪ੍ਰੀਤ ਸਿੰਘ ਚੰਨੂ ਦੇ ਨਾਵਲਿਟ ‘ਕਿਤੇ ਨਾ ਤੇਰੀ ਵਾਟ ਮੁੱਕਣੀ ’ ਬਾਰੇ ਸੰਖੇਪ ਚਰਚਾ ਹੋਈ।
ਇਸ ਦੌਰਾਨ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹਰੀ ਕ੍ਰਾਂਤੀ ਮਗਰੋਂ ਕਿਰਤ ਦੀ ਥਾਂ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲਿਖਤ ਕਿਰਤ ਤੇ ਸੰਘਰਸ਼ ਦਾ ਪੈਗਾਮ ਦਿੰਦੀ ਹੈ। ਨਿੰਦਰ ਘੁਗਿਆਣਵੀ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਇਸ ਨਾਵਲਿਟ ਪੜ੍ਹ ਕੇ ਲੱਗਦਾ ਹੈ ਕਿ ਪਾਠਕ ਆਪਣੇ ਪਿੰਡ ਵਿੱਚ ਵਿਚਰ ਰਿਹਾ ਹੈ। ਨਾਵਲ ਵਿੱਚ ਸੱਚ ਦੇ ਗੱਡੇ ਭਰੇ ਪਏ ਹਨ। ਜੋਗਿੰਦਰ ਸਿੰਘ ਨੇ ਕਿਹਾ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਪੈਦਾਵਾਰੀ ਸਬੰਧ ਬੜੇ ਗੂੜ੍ਹੇ ਸਨ ਤੇ ਮਨੁੱਖੀ ਵਿਕਾਸ ਦੀਆਂ ਕੜੀਆਂ ਜੁੜੀਆਂ ਹੋਈਆਂ ਸਨ ਪਰ ਹਰੇ ਇਨਕਲਾਬ ਤੋਂ ਬਾਅਦ ਪੈਦਾਵਾਰੀ ਸਾਧਨ ਤੇ ਮਨੁੱਖੀ ਰਿਸ਼ਤੇ ਬਦਲਦੇ ਗਏ। ਅਭੈ ਸਿੰਘ ਸੰਧੂ ਨੇ ਕਿਹਾ ਕਿ ਨਾਵਲ ਵਿੱਚ ਤਬਦੀਲੀ ਦਾ ਹੋਕਾ ਹੈ। ਸ਼ਬਦੀਸ਼ ਨੇ ਕਿਹਾ ਕਿ ਲੇਖਕ ਨੇ ਸਮੇਂ ਦੇ ਗੇੜ ਨੂੰ ਬਿਰਤਾਂਤ ਵਿੱਚ ਢਾਲਿਆ ਹੈ। ਇਹ ਹਲ਼ ਦੀ ਜੰਘੀ ਤੋਂ ਕਿਤਾਬ ਤੱਕ ਦਾ ਸਫ਼ਰ ਹੈ। ਹਰੀ ਕ੍ਰਾਂਤੀ ਨਾਲ ਧਾਰਮਿਕ ਤੇ ਸਮਾਜਿਕ ਪਛਾਣਾਂ ਦਾ ਦੌਰ ਸ਼ੁਰੂ ਹੋਇਆ ਹੈ। ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਹਰੀ ਕ੍ਰਾਂਤੀ ਮਗਰੋਂ ਜਮਾਤੀ ਸੰਘਰਸ਼ ਤਿੱਖਾ ਹੋਇਆ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਸਾਰ ਪਿੰਡ ਦਾ ਰੂਪ ਲੈ ਰਿਹਾ ਹੈ। ਪੂੰਜੀਵਾਦੀ ਵਿਕਾਸ ਮਾਡਲ ਨਾਲ ਇਹੋ ਕੁਝ ਵਾਪਰਨਾ ਸੁਭਾਵਿਕ ਹੈ।
ਹਰਪ੍ਰੀਤ ਸਿੰਘ ਚੰਨੂ ਨੇ ਸਰੋਤਿਆਂ ਦੇ ਸਨਮੁਖ ਹੁੰਦਿਆਂ ਕਿਹਾ ਕਿ ਇਹ ਸੁਭਾਵਿਕ ਚਿੰਤਨ ਦੀ ਸਿਰਜਨਾ ਹੈ। ਵਿਦਵਾਨਾਂ ਵੱਲੋਂ ਲਿਖਤ ਦੇ ਮਹੱਤਵ ਅਤੇ ਪ੍ਰਵਾਨਗੀ ਦੇਣ ਨਾਲ ਲੇਖਕ ਦਾ ਹੌਸਲਾ ਵਧਦਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀਆਂ ਦਾ ਦ੍ਰਿਸ਼ਟੀਕੋਣ ਤੇ ਹੱਦਬੰਦੀ ਬਦਲ ਰਹੀ ਹੈ। ਇਸ ਵਿੱਚ ਪੰਜਾਬ ਦੀ ਧਰਤੀ ’ਤੇ ਰਹਿਣ ਵਾਲਿਆਂ ਦਾ ਜੀਵਨ ਬਸਰ ਦਿਸਦਾ ਹੈ। ਹਰੀ ਕ੍ਰਾਂਤੀ ਸਾਡੀ ਧਰਤੀ, ਪਾਣੀ, ਹਵਾ ਤੇ ਮਾਨਵੀ ਰਿਸ਼ਤੇ ਖਾ ਗਈ ਹੈ। ਇਸ ਨੇ ਕਿਰਤੀਆਂ ਤੇ ਦਸਤਕਾਰਾਂ ਨੂੰ ਉਜਾੜਿਆ ਹੈ। ਜਦੋਂ ਉਤਪਾਦਨ ਸਾਂਝਾ ਹੁੰਦਾ ਸੀ, ਉਦੋਂ ਰਿਸ਼ਤੇ ਵੀ ਸਾਂਝੇ ਸਨ। ਸੱਜਨ ਸਿੰਘ ਨੇ ਧੰਨਵਾਦ ਮਤੇ ਦੌਰਾਨ ਕਿਹਾ, ‘‘ਅਸੀਂ ਨਾਜ਼ੁਕ ਦੌਰ ਵਿੱਚੋਂ ਲੰਘ ਰਹੇ ਹਾਂ। ਸੰਕਟ ਦੇ ਦੌਰ ਵਿੱਚ ਬੁੱਧੀਜੀਵੀਆਂ ਨੂੰ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ।’’ ਮੀਟਿੰਗ ਵਿੱਚ ਸ਼ਿਵ ਨਾਥ, ਬਲਵੰਤ ਚੌਹਾਨ, ਕੰਵਲਜੀਤ ਸਿੰਘ, ਪ੍ਰੋ. ਅਜਮੇਰ ਸਿੰਘ, ਪੁਸ਼ਪਾ, ਯਸ਼ ਪਾਲ ਤੇ ਭਜਨ ਦਾਸ ਆਦਿ ਸਾਹਿਤ ਚਿੰਤਕਾਂ ਨੇ ਭਾਗ ਲਿਆ।