ਹਰਦੇਵ ਚੌਹਾਨ
ਚੰਡੀਗੜ੍ਹ, 5 ਅਪਰੈਲ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਦੌਰਾਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡਾ. ਕਰਮਜੀਤ ਸਿੰਘ ਦੀ ਨਵੀਂ ਕਿਤਾਬ ‘ਮਨੂੰ ਸਮ੍ਰਿਤੀ: ਗ਼ੈਰ ਬਰਾਬਰੀ ਦਾ ਦਸਤਾਵੇਜ਼’ ਬਾਰੇ ਸੰਖੇਪ ਚਰਚਾ ਕਰਦਿਆਂ ਡਾ. ਨਵਪ੍ਰੀਤ ਕੌਰ ਨੇ ਕਿਹਾ ਕਿ ਮਨੂੰ ਸਮ੍ਰਿਤੀ ਬਹੁਤ ਹਿੰਸਕ ਟੈਕਸਟ ਹੈ। ਇਹ ਸ਼ੋਸ਼ਣ ਪ੍ਰਣਾਲੀ ਨੂੰ ਬੜ੍ਹਾਵਾ ਦਿੰਦੀ ਹੈ। ਇਹ ਔਰਤਾਂ ਨੂੰ ਵੀ ਬਰਾਬਰ ਦਾ ਦਰਜਾ ਨਹੀਂ ਦਿੰਦੀ। ਜਦਕਿ ਡਾ. ਅੰਬੇਡਕਰ ਨੇ ਵਰਣ ਵਿਵਸਥਾ ਖ਼ਿਲਾਫ਼ ਲੜਨ ਲਈ ਕੰਮ ਕੀਤਾ ਹੈ।
ਡਾ. ਰੌਣਕੀ ਰਾਮ ਨੇ ਕਿਹਾ ਕਿ ਮਨੂੰ ਵੱਲੋਂ ਸਮ੍ਰਿਤੀ ਲਿਖਣ ਤੋਂ ਪਹਿਲਾਂ ਵੀ ਸਮਾਜ ਵਿੱਚ ਵਿਤਕਰੇ ਸਨ। ਜਾਤ ਬੰਦੇ ਦੇ ਅੰਦਰ ਵੀ ਹੁੰਦੀ ਹੈ। ਜਿੱਥੇ ਬ੍ਰਾਹਮਣ ਨਹੀਂ ਸਨ, ਉੱਥੇ ਵੀ ਮਨੂੰ ਦੀ ਮਾਨਸਿਕਤਾ ਨਾਲ ਸਮਾਜ ਚੱਲਦਾ ਸੀ। ਜੋਗਿੰਦਰ ਸਿੰਘ ਨੇ ਕਿਹਾ ਕਿ ਮਨੂੰ ਸਮ੍ਰਿਤੀ ਪ੍ਰਾਚੀਨ ਯਾਦਾਂ ਦਾ ਪੁਨਰ ਜਾਗਰਨ ਹੈ। ਆਰੀਅਨ ਗੁਲਾਮ ਔਰਤ ਵਾਲਾ ਸਮਾਜ ਲੈ ਕੇ ਆਏ, ਪਰ ਉਹ ਇੱਥੇ ਦੇ ਪੈਦਾਵਾਰੀ ਸਾਧਨਾਂ ਨੂੰ ਬਦਲ ਨਾ ਸਕੇ। ਹਿੰਦੂਤਵ ਨੂੰ ਸਮਾਜਵਾਦ ਨਹੀਂ, ਪੂੰਜੀਵਾਦ ਚਾਹੀਦਾ ਹੈ ਅਤੇ ਗੁਲਾਮੀ ਦੇਣ ਵਾਲੇ ਪੂੰਜੀਵਾਦ ਦਾ ਵਿਰੋਧ ਕਰਨਾ ਪਵੇਗਾ। ਸ਼ਬਦੀਸ਼ ਨੇ ਕਿਹਾ ਕਿ ਭਗਤੀ ਲਹਿਰ ਰੱਬ ਦੀ ਵਾਪਸੀ ਦਾ ਕਾਰਨ ਬਣਦੀ ਹੈ। ਅੰਬੇਡਕਰ ਵੀ ਪੈਦਾਵਾਰੀ ਸਾਧਨਾਂ ਨੂੰ ਬਦਲਣ ਦੀ ਗੱਲ ਨਹੀਂ ਕਰਦਾ, ਪਰ ਮਾਰਕਸ ਕਰਦਾ ਹੈ। ਅੱਜ ਵੀ ਦਲਿਤਾਂ, ਮੁਸਲਮਾਨਾਂ, ਇਸਾਈਆਂ ਤੇ ਘੱਟ ਗਿਣਤੀਆਂ ਨੂੰ ਬ੍ਰਾਹਮਣਵਾਦ ਤੋਂ ਖ਼ਤਰਾ ਹੈ। ਅਭੈ ਸਿੰਘ ਨੇ ਕਿਹਾ ਕਿ ਬੰਦੇ ਨਾਲ ਬੰਦੇ ਦਾ ਵਿਤਕਰਾ ਇਕੱਲੇ ਹਿੰਦੂਆਂ ’ਚ ਨਹੀਂ, ਸੰਸਾਰ ਵਿਆਪੀ ਹੈ। ਡਾ. ਜਸਵੰਤ ਰਾਏ ਤੇ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਨੂੰ ਸਮ੍ਰਿਤੀ ਦੀ ਰਚਨਾ ਬੜੀ ਚਲਾਕੀ ਨਾਲ ਕੀਤੀ ਗਈ ਹੈ, ਜਿਸ ਨੂੰ ਕੋਈ ਕਾਨੂੰਨੀ ਮਾਨਤਾ ਵੀ ਨਹੀਂ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਮਨੂੰਵਾਦ ਦਾ ਅਸਰ ਸਿੱਖਾਂ ਵਿੱਚ ਵੀ ਹੈ।
ਕਿਸਾਨਾਂ ਨੂੰ ਇਕੱਲੇ ਨਹੀਂ ਛੱਡਿਆ ਜਾ ਸਕਦਾ: ਲੱਧੜ
ਐਸ.ਆਰ. ਲੱਧੜ ਨੇ ਕਿਹਾ ਕਿ ਇਤਿਹਾਸ ਵਿੱਚ ਬ੍ਰਾਹਮਣਵਾਦ ਤੇ ਬੁੱਧਵਾਦ ਤੋਂ ਬਿਨਾਂ ਕੁਝ ਨਹੀਂ ਹੈ। ਕਿਸਾਨ ਅੰਦੋਲਨ ਬਾਬਾ ਨਾਨਕ ਦੀ ਵਿਚਾਰਧਾਰਾ ਉੱਤੇ ਉਸਰਿਆ ਹੈ। ਕਿਸਾਨ ਆਪਣੀ ਨਹੀਂ, ਕਿਰਤੀ ਤੇ ਖ਼ਪਤਕਾਰ ਦੀ ਲੜਾਈ ਵੀ ਲੜ ਰਹੇ ਹਨ। ਲੜਾਈ ਵਿੱਚ ਕਿਸਾਨ ਨੂੰ ਇਕੱਲੇ ਨਹੀਂ ਛੱਡਿਆ ਜਾ ਸਕਦਾ। ਮਨਦੀਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਤੇ ਔਰਤਾਂ ਦੀ ਸ਼ਮੂਲੀਅਤ ਸ਼ੁਭ ਸ਼ਗਨ ਹੈ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਲਈ 10 ਅਪਰੈਲ ਨੂੰ ਦਿੱਲੀ ਦੁਆਲੇ ਫਿਰਨੀ ਜਾਮ, 14 ਅਪਰੈਲ ਨੂੰ ਸੰਵਿਧਾਨ ਬਚਾਓ ਦਿਵਸ, 1 ਮਈ ਨੂੰ ਮਜ਼ਦੂਰ ਦਿਵਸ ਤੇ ਫਿਰ ਸੰਸਦ ਵੱਲ ਮਾਰਚ ਦੀ ਹਮਾਇਤ ਕਰਦਿਆਂ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।