ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 28 ਨਵੰਬਰ
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅੱਜ ਕੋਵਿਡ-19 ਦੀ ਸੰਭਾਵਿਤ ਦੂਜੀ ਲਹਿਰ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧਾਂ ਲਈ ਪੰਜਾਬ ਦੇ ਵੱਖ ਵੱਖ ਮਾਹਰਾਂ, ਸੀਨੀਅਰ ਡਾਕਟਰਾਂ ਅਤੇ ਅਧਿਕਾਰੀਆਂ ਨੇ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਦੇ ਡਾਕਟਰਾਂ ਨਾਲ ਸਿਰਜੋੜ ਕੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਸਲਾਹਕਾਰ ਡਾ. ਕੇਕੇ ਤਲਵਾੜ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ, ਹੁਸਨ ਲਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ, ਐੱਮਡੀ ਪੀਐੱਚਐੱਸ ਸੀ ਤਨੂ ਕਸ਼ਯਪ, ਪੀਜੀਆਈ ਦੇ ਡੀਨ ਡਾ. ਜੀਡੀ ਪੁਰੀ, ਪੀਜੀਆਈ ਦੇ ਐਸੋਸੀਏਟ ਪ੍ਰੋਫੈਸਰ ਡਾ. ਕਮਲ ਕਾਜਲ, ਡੀਸੀ ਗਿਰੀਸ਼ ਦਿਆਲਨ ਅਤੇ ਏਡੀਸੀ ਅਸ਼ਿਕਾ ਜੈਨ ਮੌਜੂਦ ਸਨ। ਡਾ. ਤਲਵਾੜ ਨੇ ਮੁਹਾਲੀ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਪੰਚਕੂਲਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਮੁਹਾਲੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਹਨ। ਡੀਸੀ ਗਿਰੀਸ਼ ਦਿਆਲਨ ਦੀ ਨਿਗਰਾਨੀ ਹੇਠ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚਾਲੇ ਤਾਲਮੇਲ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕੋਵਿਡ-19 ਵਿਰੁੱਧ ਲੜਾਈ ਵਿੱਚ ਇਕ ਵਧੀਆ ਭੂਮਿਕਾ ਨਿਭਾਉਣ ਲਈ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕੋਵਿਡ ਦੀ ਸੰਭਾਵੀ ਦੂਜੀ ਲਹਿਰ ਲਈ ਤਿਆਰ ਰਹਿਣ ਲਈ ਕਿਹਾ। ਇਸ ਮੌਕੇ ਵੱਧ ਤੋਂ ਵੱਧ ਨਮੂਨੇ ਲੈਣ ਅਤੇ ਬੈੱਡਾਂ ਦੀ ਢੁਕਵੀਂ ਸਮਰੱਥਾ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਮੌਤ ਦਰ ਨੂੰ ਘਟਾਉਣਾ ਲਈ ਲੰਮੀ ਚਰਚਾ ਕੀਤੀ। ਡਾਕਟਰਾਂ ਨੇ ਅਮਲੀ ਸੁਝਾਅ ਅਤੇ ਉਤਮ ਡਾਕਟਰੀ ਅਭਿਅਸ ਸਾਂਝੇ ਕੀਤੇ ਜੋ ਮੌਤ ਦਰ ਨੂੰ ਘਟਾਉਣ ਵਿੱਚ ਸਾਰੇ ਹਸਪਤਾਲਾਂ ਲਈ ਸਹਾਇਕ ਸਿੱਧ ਹੋਣਗੇ।