ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 17 ਜੂਨ
ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਿੱਚ ਅੱਜ ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਮੌਕੇ ਪ੍ਰੋ. ਜਲੌਰ ਸਿੰਘ ਖੀਵਾ, ਪ੍ਰੋ. ਲਾਭ ਸਿੰਘ ਖੀਵਾ ਅਤੇ ਬਲਕਾਰ ਸਿੰਘ ਸਿੱਧੂ ਸਾਬਕਾ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਸਾਹਿਤਕਾਰਾਂ, ਪਾਠਕਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਾਇਆ।
ਪ੍ਰਧਾਨਗੀ ਮੰਡਲ ਦੇ ਮੁੱਖ ਬੁਲਾਰੇ ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਵਾਰਸ ਸ਼ਾਹ ਦੀ ਹੀਰ ਬਾਰੇ ਆਪਣੇ ਪਰਚੇ ਵਿਚ ਖੋਜ ਭਰਪੂਰ ਤੱਥ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ਵਾਰਸ ਸ਼ਾਹ ਦੀ ਹੀਰ ਬਾਰੇ ਬਹੁਤ ਜ਼ਿਆਦਾ ਲਿਖਿਆ ਗਿਆ ਹੈ ਪਰ ਇਸ ਨੂੰ ਬਹੁਤ ਘੱਟ ਜਾਣਿਆ ਗਿਆ। ਵਾਰਸ ਸ਼ਾਹ ਪੰਜਾਬੀ ਕਿੱਸਾ ਕਾਵਿ ਦਾ ਵਾਰਸ ਹੀ ਨਹੀਂ, ਸ਼ਾਹ ਅਸਵਾਰ ਵੀ ਹੈ। ਉਨ੍ਹਾਂ ਕਿਹਾ ਕਿ ਵਾਰਸ ਸ਼ਾਹ ਨੇ ਤਤਕਾਲੀਨ ਸਮਾਜਿਕ ਅਤੇ ਸਭਿਆਚਾਰਕ ਹਾਲਾਤਾਂ ਦੀ ਪੇਸ਼ਕਾਰੀ ਲਈ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਆਧਾਰ ਬਣਾਇਆ ਨਾ ਕਿ ਸਿਰਫ਼ ਪ੍ਰੇਮ ਕਥਾ ਨੂੰ ਬਿਆਨ ਕੀਤਾ।