ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੁਲਾਈ
ਪਿੰਡ ਰਸੂਲਪੁਰ ਕਲਾਂ ਦੇ ਜਿਮੀਂਦਾਰਾਂ ਨੇ ਅਗਵਾ ਕਰਕੇ ਬੰਦੀ ਬਣਾ ਕੇ ਦਲਿਤ ਵਿਅਕਤੀ ਨੂੰ ਪਿਸ਼ਾਬ ਪਿਲਾਉਣ ਅਤੇ ਰੁੱਖ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸਿਆਸੀ ਦਖਲਅੰਦਾਜ਼ੀ ਹੋਣ ਕਾਰਨ ਪੁਲੀਸ ਤੇ ਸਿਵਲ ਪ੍ਰਸ਼ਾਸਨ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦੀ ਉਡੀਕ ’ਚ ਕਾਰਵਾਈ ਕਰਨ ਦੀ ਪ੍ਰਕਿਰਿਆ ਅਪਣਾਉਣ ਚਾਹੁੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ। ਗੈਰ ਰਾਜਨੀਤਿਕ ਸੰਗਠਨ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਨਾਲ ਗੈਰਮਨੁੱਖੀ, ਗੈਰਕਾਨੂੰਨੀ, ਗੈਰ ਸੰਵਿਧਾਨਿਕ ਪਿਸ਼ਾਬ ਪਿਲਾਉਣ ਦੀਆਂ ਘਟਨਾਵਾਂ ਨੂੰ ਕੈਪਟਨ ਸਰਕਾਰ ਗੰਭੀਰਤਾ ਨਾਲ ਨਹੀਂ ਲੈਂਦੀ। ਕਾਂਗਰਸ ਪਾਰਟੀ ਦੀ ਸਰਕਾਰ ਅਨੁਸੂਚਿਤ ਜਾਤੀਆਂ ਨਾਲ ਵਿਤਕਰੇ, ਧੱਕੇਸ਼ਾਹੀ ਅਤੇ ਰਾਜਨੀਤਕ ਗੁੰਡਾਗਰਦੀ ਨੂੰ ਨੱਥ ਪਾਉਣ ਵਿੱਚ ਅਸਫਲ ਸਾਬਿਤ ਹੋ ਗਈ ਹੈ। ਸ੍ਰੀ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ’ਤੇ ਹੋ ਰਹੇ ਅੱਤਿਆਚਾਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁੱਪੀ ਨੂੰ ਤੋੜਨਾ ਚਾਹੀਦਾ ਹੈ। ਕੈਪਟਨ ਸਰਕਾਰ ਦੇ ਗ੍ਰਹਿ ਮੰਤਰਾਲਾ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ ਹੈ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਅਜਿਹੇ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਸ੍ਰੀ ਕੈਂਥ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਜਿਹੀਆਂ ਘਟਨਾਵਾਂ ਪ੍ਰਤੀ ਸ਼ਰਾਰਤੀ ਚੁੱਪ ਹੈਰਾਨੀਜਨਕ ਹੈ। ਕੈਪਟਨ ਸਰਕਾਰ ਦਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਰਾਜਨੀਤਿਕ ਅਗੂਆਂ ਦੀ ਕਠਪੁਤਲੀਆਂ ਵਾਂਗ ਕੰਮ ਕਰ ਰਿਹਾ ਹੈ।