ਚਰਨਜੀਤ ਚੰਨੀ
ਮੁੱਲਾਂਪੁਰ ਗਰੀਬਦਾਸ, 15 ਜੁਲਾਈ
ਨਿਊ ਚੰਡੀਗੜ੍ਹ ਦੇ ਮੁੱਖ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਗਲੀਆਂ-ਨਾਲੀਆਂ ਅਤੇ ਬਰਸਾਤੀ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਬਹੁਤ ਹੀ ਵੱਡੇ ਬਾਜ਼ਾਰ ਵਿੱਚੋਂ ਸੋਨਾ, ਚਾਂਦੀ, ਕੱਪੜਾ ਸਮੇਤ ਹੋਰ ਘਰੇਲੂ ਵਰਤੋਂ ਦਾ ਸਾਮਾਨ ਖਰੀਦਣ ਵੇਚਣ ਲਈ ਆਉਂਦੇ ਜਾਂਦੇ ਹਨ, ਪਰ ਜਦੋਂ ਉਹ ਪਿੰਡ ਵਿੱਚ ਆ ਕੇ ਵੜਦੇ ਹਨ ਅਤੇ ਸਫਾਈ ਪੱਖੋਂ ਮਾੜੀ ਹਾਲਤ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਮਾੜੀ ਕਾਰਗੁਜ਼ਾਰੀ ਨੂੰ ਕੋਸਦੇ ਹਨ। ਮਾੜੀ ਮੋਟੀ ਬਾਰਸ਼ ਹੋਣ ਕਰਕੇ ਗੰਦਾ ਪਾਣੀ ਗਲੀਆਂ/ਨਾਲੀਆਂ ਵਿੱਚ ਖੜ੍ਹ ਜਾਂਦਾ ਹੈ ਅਤੇ ਸੜਕਾਂ-ਗਲੀਆਂ ਦੀ ਹਾਲਤ ਬਦਤਰ ਹੋ ਰਹੀ ਹੈ। ਬੀਤੇ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਸ਼ਿਵ ਮੰਦਿਰ ਵਾਲੇ ਟੋਭੇ ਵਿੱਚ ਇਕੱਠਾ ਹੋਇਆ ਗੰਦਾ ਪਾਣੀ ਉਛਲ ਕੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ, ਜਿਸ ਨੇ ਘਰੇਲੂ ਸਾਮਾਨ ਬਰਬਾਦ ਕਰਕੇ ਰੱਖ ਦਿੱਤਾ ਹੈ।
ਲੋਕਾਂ ਅਨੁਸਾਰ ਵੋਟਾਂ ਵੇਲੇ ਆਉਂਦੇ ਸਿਆਸੀ ਲੋਕ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਫੋਕੇ ਲਾਰੇ ਅਤੇ ਵਾਅਦੇ ਕਰਕੇ ਆਪਣਾ ਉੱਲੂ ਸਿੱਧਾ ਕਰਕੇ ਤੁਰ ਜਾਂਦੇ ਹਨ ਫਿਰ ਵੋਟਾਂ ਪੈਣ ਮਗਰੋਂ ਮੁੜ ਕੇ ਮੂੰਹ ਨਹੀਂ ਦਿਖਾਉਂਦੇ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਸਫ਼ਾਈ ਦਾ ਪ੍ਰਬੰਧ ਕਰਦਿਆਂ ਟੋਭੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ। ਦੂਜੇ ਪਾਸੇ ਸਤਨਾਮ ਸਿੰਘ ਸਰਪੰਚ ਨੇ ਕਿਹਾ ਕਿ ਟੋਭੇ ਦੇ ਪਾਣੀ ਦੀ ਨਿਕਾਸੀ ਸਬੰਧੀ ਬਲਾਕ ਵਿਕਾਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।