ਸ਼ਸ਼ੀ ਪਾਲ ਜੈਨ
ਖਰੜ, 7 ਅਪਰੈਲ
ਇੱਥੇ ਆਦਰਸ਼ ਨਗਰ ਦੇ ਵਾਰਡ ਨੰਬਰ 18 ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅੱਜ ਇਸ ਸਬੰਧੀ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਮ.ਪੀ. ਜੱਸੜ ਦੀ ਅਗਵਾਈ ਹੇਠ ਰੋਸ ਪ੍ਰਗਟਾਇਆ ਗਿਆ।
ਉਨ੍ਹਾਂ ਦੱਸਿਆ ਕਿ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਸਾਰੇ ਖਰੜ ਦਾ ਸੀਵਰੇਜ, ਆਦਰਸ਼ ਨਗਰ ਅਤੇ ਆਨੰਦ ਨਗਰ ਵਿੱਚੋਂ ਹੋ ਕੇ ਨਿਕਲਦਾ ਹੈ ਜਿਸ ਨਾਲ ਲੋਕ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਨੇ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਕੌਂਸਲ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ।
ਜਦੋਂ ਇਸ ਸਬੰਧੀ ਵਾਰਡ ਨੰਬਰ 18 ਦੇ ਕੌਸਲਰ ਗੁਰਜੀਤ ਸਿੰਘ ਗੱਗੀ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੌਂਸਲ ਵੱਲੋਂ ਸੀਵਰੇਜ ਦੀ ਸਫਾਈ ਲਈ 15 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਹੈ। ਸਫ਼ਾਈ ਕਰਨ ਲਈ ਪਾਣੀ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਇਸ ਕਾਰਨ ਹੀ ਅਜਿਹਾ ਹੋਇਆ ਹੈ ਅਤੇ ਨਾਲਿਆਂ ਦੀ ਸਫ਼ਾਈ ਮਗਰੋਂ ਮਸਲਾ ਹੱਲ ਹੋ ਜਾਵੇਗਾ।