ਪੱਤਰ ਪ੍ਰੇਰਕ
ਲਾਲੜੂ, 31 ਅਕਤੂਬਰ
ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 6 ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਚਾਰੇ ਪਾਸੇ ਗੰਦਗੀ ਦਾ ਆਲਮ ਹੈ, ਜਿਸ ਨਾਲ ਘਰਾਂ ਦਾ ਗੰਦਾ ਪਾਣੀ ਨਾਲੀਆਂ ਅਤੇ ਗਲੀਆਂ ਵਿੱਚ ਖੜ੍ਹਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਡੇਂਗੂ ਦੀ ਫੇਲ ਰਹੀ ਭਿਆਨਕ ਬਿਮਾਰੀ ਕਾਰਨ ਵਾਰਡ ਵਾਸੀ ਸਹਿਮੇ ਹੋਏ ਹਨ। ਵਾਰਡ ਨਿਵਾਸੀ ਨੌਜਵਾਨ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਵਾਰਡ ਨੰਬਰ 6 ਵਿੱਚ ਸੈਣੀ ਮਾਰਕੀਟ ਅਤੇ ਮਾਰਕਫੈੱਡ ਦੇ ਗੁਦਾਮ ਨੇੜੇ ਦੀਆਂ ਗਲੀਆਂ ਅਤੇ ਨਾਲੀਆਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਗੀ ਨਾਲ ਨੱਕੋਨੱਕ ਭਰੀਆਂ ਹੋਈਆਂ ਹਨ, ਜਿਸ ਕਾਰਨ ਚਾਰੇ ਪਾਸੇ ਗੰਦੀ ਦੀ ਬਦਬੂ ਫੈਲ ਰਹੀ ਹੈ। ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਨਾਲੀਆਂ ਤੇ ਗਲੀਆਂ ਵਿੱਚ ਖੜ੍ਹੇ ਪਾਣੀ ਕਾਰਨ ਮੱਖੀ ਤੇ ਮੱਛਰਾਂ ਦੀ ਤਦਾਦ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕ ਡੇਂਗੂ ਦੇ ਕਾਰਨ ਪਹਿਲਾਂ ਹੀ ਸਹਿਮੇ ਹੋਏ ਹਨ। ਵਾਰਡ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਾਰਡ ਨੰਬਰ 6 ਦੀ ਗਲੀਆਂ, ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਛੇਤੀ ਹੀ ਮੌਕਾ ਵੇਖ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।