ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਗਸਤ
ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਨੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਗੁਪਤ ਐਕਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਚੇਅਰਮੈਨ ਇੰਜ. ਮਨਜਿੰਦਰ ਸਿੰਘ ਮੱਤੇਨੰਗਲ, ਸਕੱਤਰ ਜਨਰਲ ਇੰਜ. ਸੁਖਵਿੰਦਰ ਸਿੰਘ ਬਾਗੋਵਾਨੀ ਸਮੇਤ ਕਈ ਆਗੂਆਂ ਨੇ ਦੱਸਿਆ ਕਿ ਭਾਵੇਂ 20 ਅਗਸਤ ਨੂੰ ਕੈਬਨਿਟ-ਸਬ-ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨਾਲ ਕੌਂਸਲ ਦੇ ਡੈਪੂਟੇਸ਼ਨ ਦੀ ਮੀਟਿੰਗ ਵਿੱਚ ਮੰਤਰੀ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਭਰਪੂਰ ਰਿਪੋਰਟ/ਸਿਫਾਰਿਸ਼ਾਂ ਵਿੱਚ ਸੋਧ ਕਰਨ ਅਤੇ ਵਿੱਤ ਵਿਭਾਗ ਪੰਜਾਬ ਵੱਲੋਂ 5 ਜੁਲਾਈ 2021 ਨੂੰ ਮੁਲਾਜ਼ਮ ਮਾਰੂ ਨੀਤੀਆਂ ਤਹਿਤ ਨੋਟੀਫਿਕੇਸ਼ਨ ’ਤੇ ਜਲਦ ਧਿਆਨ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਭਰੋਸੇ ਮਗਰੋਂ ਡਿਪਲੋਮਾ ਇੰਜਨੀਅਰਾਂ ਦੀ ਉਕਤ ਕੌਂਸਲ ਨੇ ਆਪਣੀ ਕਲਮ ਛੱਡੋ ਹੜਤਾਲ ਮੁਲਤਵੀ ਕਰ ਦਿੱਤੀ ਹੋਈ ਹੈ, ਪਰ ਹੁਣ ਉਨ੍ਹਾਂ ਦੀ ਇਹ ਮੰਗ ਹੈ ਕਿ 26 ਅਗਸਤ ਨੂੰ ਹੋਣ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਦੀਆਂ ਮੰਗਾਂ ਨੂੰ ਵੀ ਏਜੰਡੇ ’ਚ ਸ਼ਾਮਲ ਕਰਕੇ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ 15 ਸਤੰਬਰ ਨੂੰ ਇੰਜਨੀਅਰਸ-ਡੇਅ ਮੌਕੇ ਪੰਜਾਬ ਦੇ ਸਮੂਹ ਇੰਜਨੀਅਰਿੰਗ ਵਿਭਾਗਾਂ ਦੇ ਜੇਈਜ਼ /ਪਦਉੱਨਤ ਐੱਸਡੀਈਜ਼/ਐੱਸਡੀਓਜ਼ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਗੁਪਤ ਐਕਸ਼ਨ ਕੀਤੇ ਜਾਣਗੇ।