ਜਗਮੋਹਨ ਸਿੰਘ
ਰੂਪਨਗਰ, 30 ਜੂਨ
ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣਾ ਤੇ ਆਪਣੇ ਅਧੀਨ ਆਉਂਦੇ ਸਮੁੱਚੇ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਰੂਪਨਗਰ ਪੁਲੀਸ ਲਾਈਨ ਵਿਖੇ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਉਨ੍ਹਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਪਹਿਲਾਂ ਰੂਪਨਗਰ ਪੁਲੀਸ ਲਾਈਨ ਵਿਖੇ ਜ਼ਿਲ੍ਹਾ ਰੂਪਨਗਰ ਦੇ ਗਜਟਿਡ ਪੁਲੀਸ ਅਫਸਰਾਂ, ਮੁੱਖ ਥਾਣਾ ਅਫਸਰਾਂ ਤੇ ਚੌਕੀ ਇੰਚਾਰਜਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਸਮੂਹ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡ/ਮੁਹੱਲਾ ਪੱਧਰ ’ਤੇ ਸੈਮੀਨਾਰ ਅਤੇ ਮੀਟਿੰਗਾਂ ਕਰਕੇ ਆਮ ਜਨਤਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਹੋਏ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੁਲੀਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਨਸ਼ਾ ਤਸਕਰੀ/ਸਮਗਲਿੰਗ ਕਰਨ ਵਾਲੇ ਦੀ ਗੁਪਤ ਸੂਚਨਾ ਪੁਲੀਸ ਨੂੰ ਦੇਣ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਸੂਚਨਾ ਦੇਣ ਲਈ ਐੱਸਐੱਸਪੀ ਰੂਪਨਗਰ ਵੱਲੋ ਚਲਾਇਆ ਜਾ ਰਿਹਾ ਸਪੈਸ਼ਲ ਵੱਟਸਐਪ ਨੰਬਰ 80541-00112 ਵੀ ਜਾਰੀ ਕੀਤਾ। ਇਸ ਮੌਕੇ ਤੇ ਐੱਸਐੱਸਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ, ਜ਼ਿਲ੍ਹੇ ਦੇ ਸਮੂਹ ਗਜ਼ਟਿਡ ਪੁਲੀਸ ਅਫਸਰ ਅਤੇ ਥਾਣਿਆਂ ਤੇ ਚੌਕੀਆਂ ਦੇ ਮੁਖੀ ਵੀ ਹਾਜ਼ਰ ਸਨ।