ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਦਸੰਬਰ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਅੱਜ ਮਿੱਡ-ਟਰਮ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਪਰ ਇਨ੍ਹਾਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਅੱਜ ਪ੍ਰੀਖਿਆਵਾਂ ਵਿਚ ਵੱਡੀ ਜਮਾਤ ਦੇ ਵਿਦਿਆਰਥੀਆਂ ਨੇ ਆਫਲਾਈਨ ਪ੍ਰੀਖਿਆ ਨਾਲੋਂ ਆਨਲਾਈਨ ਪ੍ਰੀਖਿਆ ਨੂੰ ਹੀ ਪਹਿਲੀ ਦਿੱਤੀ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਪ੍ਰੀਖਿਆਵਾਂ ਦੇਣ ਘੱਟ ਗਿਣਤੀ ਵਿਚ ਹੀ ਵਿਦਿਆਰਥੀ ਪੁੱਜੇ। ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਿਰਫ ਆਨਲਾਈਨ ਪ੍ਰੀਖਿਆ ਹੋਈ ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਆਫਲਾਈਨ ਤੇ ਆਨਲਾਈਨ ਦੋਵੇਂ ਤਰ੍ਹਾਂ ਦੀ ਪ੍ਰੀਖਿਆ ਦੇਣ ਦੀ ਖੁੱਲ੍ਹ ਸੀ। ਸਕੂਲ ਵਲੋਂ ਮਾਪਿਆਂ ਤੋਂ ਆਫਲਾਈਨ ਪ੍ਰੀਖਿਆ ਲੈਣ ਲਈ ਸਹਿਮਤੀ ਵੀ ਲਈ ਗਈ ਸੀ ਪਰ ਜ਼ਿਆਦਾਤਰ ਸਕੂਲਾਂ ਵਿਚ ਘੱਟ ਗਿਣਤੀ ’ਚ ਵਿਦਿਆਰਥੀ ਪੁੱਜੇ ਤੇ ਵਿਦਿਆਰਥੀਆਂ ਨੇ ਆਨਲਾਈਨ ਪ੍ਰੀਖਿਆ ਦੇਣ ਨੂੰ ਹੀ ਤਰਜੀਹ ਦਿੱਤੀ। ਆਨਲਾਈਨ ਪ੍ਰੀਖਿਆ ਤੋਂ ਬਾਅਦ ਹਾਰਡ ਕਾਪੀ ਦੇਣ ਸਕੂਲ ਪੁੱਜੇ ਵਿਦਿਆਰਥੀਆਂ ਕਾਰਨ ਕਰੋਨਾ ਨਿਯਮਾਂ ਦੀ ਉਲੰਘਣਾ ਹੋਈ।
ਸਕੂਲਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ
ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਸੀ ਕਿ ਉਹ ਭਾਵੇਂ ਪ੍ਰੀਖਿਆ ਆਨਲਾਈਨ ਦੇਣ ਪਰ ਉਸ ਦਾ ਪ੍ਰਿੰਟ ਸਕੂਲ ਵਿਚ ਸਮੇਂ ਸਿਰ ਜਮ੍ਹਾਂ ਕਰਵਾਇਆ ਜਾਵੇ। ਅੱਜ ਕਈ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜ਼ਿਆਦਾ ਪ੍ਰੇਸ਼ਾਨੀ ਪੈਰੀਫੇਰੀ ਤੇ ਕਲੋਨੀਆਂ ਵਿਚ ਰਹਿੰਦੇ ਬੱਚਿਆਂ ਨੂੰ ਹੋਈ। ਇਕ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਪ੍ਰੀਖਿਆ ਤੋਂ ਬਾਅਦ ਪ੍ਰਿੰਟ ਲੈਣ ਲਈ ਮਾਰਕੀਟ ਜਾਣਾ ਪਿਆ ਪਰ ਲਾਈਟ ਨਾ ਹੋਣ ਕਾਰਨ ਪ੍ਰੇਸ਼ਾਨੀ ਹੋਈ। ਇਕ ਹੋਰ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਪ੍ਰਿੰਟ ਦੇਣ ਲਈ ਸਕੂਲ ਗਏ ਪਰ ਉਥੇ ਕਾਫੀ ਭੀੜ ਸੀ ਤੇ ਉਥੇ ਸਮਾਜਿਕ ਦੂਰੀ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ ਸੀ।
ਕੰਮ ਵਧਣ ਕਾਰਨ ਅਧਿਆਪਕਾਂ ਵਿੱਚ ਰੋਸ
ਸਰਕਾਰੀ ਸਕੂਲਾਂ ਵਿਚ ਆਫਲਾਈਨ ਤੇ ਆਨਲਾਈਨ ਦੋਵੇਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਖੁੱਲ੍ਹ ਹੋਣ ਕਾਰਨ ਅੱਜ ਅਧਿਆਪਕਾਂ ਨੂੰ ਵੀ ਪ੍ਰੇਸ਼ਾਨੀ ਹੋਈ। ਅਧਿਆਪਕਾਂ ਨੇ ਦੱਸਿਆ ਕਿ ਆਨਲਾਈਨ ਚੈਕਿੰਗ ਕਰਨੀ ਤਾਂ ਠੀਕ ਹੈ ਪਰ ਵਿਦਿਆਰਥੀਆਂ ਕੋਲੋਂ ਪ੍ਰੀਖਿਆ ਦੀ ਹਾਰਡ ਕਾਪੀ ਵੀ ਮੰਗੀ ਗਈ ਤੇ ਅਧਿਆਪਕਾਂ ਨੂੰ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਚੈਕਿੰਗ ਕਰਨ ਨੂੰ ਕਿਹਾ ਗਿਆ। ਇਕ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਇਕ ਵਿਦਿਆਰਥੀ ਦੇ ਦੋ-ਦੋ ਵਾਰ ਪੇਪਰ ਚੈਕ ਕਰਨੇ ਪੈ ਰਹੇ ਹਨ ਜਿਸ ਕਾਰਨ ਸਮਾਂ ਵੱਧ ਲੱਗ ਰਿਹਾ ਹੈ। ਕਈ ਵਿਦਿਆਰਥੀ ਤਾਂ ਅਧੂਰੇ ਪ੍ਰਿੰਟ ਲੈ ਕੇ ਆਏ ਹਨ। ਇਸ ਹਿਸਾਬ ਨਾਲ ਉਹ ਆਨਲਾਈਨ ਪ੍ਰੀਖਿਆ ਤੇ ਆਫਲਾਈਨ ਪ੍ਰੀਖਿਆ ਦੇ ਅੰਕਾਂ ਦਾ ਮੁਲਾਂਕਣ ਕਿਵੇਂ ਕਰ ਸਕਦੇ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਪ੍ਰੀਖਿਆਵਾਂ ਸਬੰਧੀ ਸਮੱਸਿਆਵਾਂ ਦਾ ਪਤਾ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਦੂਰ ਕਰਵਾਉਣ ਦਾ ਯਤਨ ਕੀਤਾ ਜਾਵੇਗਾ।