ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਇੱਥੋਂ ਦੇ ਪਿੰਡ ਅਟਾਵਾ ਵਿੱਚ ਕਬਾੜ ਕਾਰੋਬਾਰੀਆਂ ’ਤੇ ਕੁਝ ਸਮੇਂ ਤੋਂ ਲਗਾਤਾਰ ਹੋ ਰਹੀ ਕਥਿਤ ਧੱਕੇਸ਼ਾਹੀ ਤੋਂ ਨਾਰਾਜ਼ ਕਬਾੜ ਕਾਰੋਬਾਰੀਆਂ ਨੇ ਥਾਣਾ ਸੈਕਟਰ-36 ਮੂਹਰੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਟਾਵਾ ਵਿਚਲੀ ਪ੍ਰਾਪਰਟੀਆਂ ਨੂੰ ਜਬਰੀ ਖਾਲੀ ਕਰਵਾਉਣ ਲਈ ਪੁਲੀਸ ’ਤੇ ਮਿਲੀ ਭੁਗਤ ਦੇ ਦੋਸ਼ ਲਗਾਏ ਤੇ ਪੁਲੀਸ ਦੀ ਗੱਲ ਨਾ ਮੰਨਣ ’ਤੇ ਕੇਸ ਦਰਜ ਹੋਣ ਦੀਆਂ ਧਮਕੀਆਂ ਦੇਣ ਮਿਲਣ ਦਾ ਦਾਅਵਾ ਕੀਤਾ। ਇਸ ਮੌਕੇ ਚੰਡੀਗੜ੍ਹ ਸਕਰੈਪ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਕੁਮਾਰ, ਚੰਡੀਗੜ੍ਹ ਭਾਜਪਾ ਦੇੇ ਆਗੂ ਤੇਜਿੰਦਰ ਸਿੰਘ ਸਰਾਂ, ਸਤਿੰਦਰ ਸਿੰਘ ਸਿੱਧੂ ਅਤੇ ਦੀਪਕ ਮਲਹੋਤਰਾ ਸਣੇ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ। ਚੰਡੀਗੜ੍ਹ ਸਕਰੈਪ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਪਿੰਡ ਅਟਾਵਾ ਵਿੱਚ ਕਈ ਪ੍ਰਾਪਰਟੀਆਂ ਵਿਵਾਦਤ ਹਨ, ਜਿਨ੍ਹਾਂ ਦਾ ਅਦਾਲਤਾਂ ਵਿੱਚ ਕੇਸ ਚੱਲ ਰਿਹਾ ਹੈ। ਜਦੋਂ ਤੱਕ ਅਦਾਲਤਾਂ ਵਿੱਚ ਕੇਸ ਚੱਲ ਰਿਹਾ ਹੈ, ਉਦੋਂ ਤੱਕ ਅਦਾਲਤ ਨੇ ਕਾਬਜ਼ਕਾਰਾਂ ਨੂੰ ਬੈਠੇ ਰਹਿਣ ਦੇ ਆਦੇਸ਼ ਦਿੱਤੇ ਹਨ। ਅਦਾਲਤੀ ਹੁਕਮਾਂ ਦੇ ਬਾਵਜੂਦ ਪਿੰਡ ਅਟਾਵਾ ’ਚ ਪ੍ਰਾਪਰਟੀ ਡੀਲਰ ਵੱਲੋਂ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਇਲਾਕਾ ਵਾਸੀਆਂ ਨੂੰ ਪ੍ਰਾਪਰਟੀਆਂ ਖਾਲੀ ਕਰਵਾਉਣ ਲਈ ਧਮਕਾਇਆ ਜਾਂਦਾ ਹੈ। ਉੱਧਰ, ਇਸ ਸਬੰਧੀ ਥਾਣਾ ਸੈਕਟਰ-36 ਦੇ ਐੱਸਐੱਚਓ ਭੁੱਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ। ਥਾਣੇ ਪਹੁੰਚ ਕੇ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕਰ ਕੇ ਬਣਦੀ ਕਾਰਵਾਈ ਕਰਨਗੇ।