ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 30 ਸਤੰਬਰ
ਜੁਆਇੰਟ ਐਕਸ਼ਨ ਕਮੇਟੀ ਲਾਈਫ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਏਜੰਟ ਅਤੇ ਬੀਮਾ ਧਾਰਕਾਂ ਦੇ ਮਾਮਲਿਆਂ ਸਬੰਧੀ ਦਿੱਤੇ ਸੱਦੇ ’ਤੇ ਅੱਜ ਇਥੇ ਐੱਲਆਈਸੀ ਦੀ ਬਰਾਂਚ ਅੱਗੇ ਏਜੰਟਾਂ ਨੇ ਰੋਸ ਧਰਨਾ ਦਿੱਤਾ। ਯੂਨੀਅਨ ਦੇ ਪ੍ਰਧਾਨ ਬੰਗਾਲੀ ਸਿੰਘ, ਮੀਤ ਪ੍ਰਧਾਨ ਰਾਮਨਾਥ, ਅਨਿਲ, ਦੀਪਕ, ਰੇਖਾ ਗੁਲਾਟੀ, ਚੀਫ਼ ਐਡਵਾਈਜ਼ਰ ਜਸਪਾਲ ਸਿੰਘ, ਸੋਹਣ ਸਿੰਘ, ਸੱਤਿਆ ਪ੍ਰਕਾਸ਼ ਅਗਰਵਾਲ, ਮਾਧੋ ਸਿੰਘ, ਵਿਜੈ ਕੁਮਾਰ, ਨਵੀਨ ਕੁਮਾਰ ਤੇ ਦੀਪ ਚੰਦ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਲੰਮੇ ਸਮੇਂ ਤੋਂ ਮੈਨੇਜਮੈਂਟ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਮਾ ਧਾਰਕ ਦਾ ਬੋਨਸ ਵਧਾਉਣ, ਬੀਮਾ ਪਾਲਸੀ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਦੇ ਢੁੱਕਵੇਂ ਪ੍ਰਬੰਧ, ਪਾਲਸੀ ਲੋਨ ’ਤੇ ਵਿਆਜ ਦਰ ਘਟਾਉਣ, ਪੁਰਾਣੀਆਂ ਲੈਪਸ ਪਾਲਸੀਆਂ ਮੁੜ ਚਾਲੂ ਕਰਨ, ਪਾਲਸੀ ਧਾਰਕਾਂ ਦੇ ਕਰੋੜਾਂ ਰੁਪਏ ਬੋਨਸ ਦੇ ਰੂਪ ਵਿੱਚ ਦੇਣ ਸਣੇ ਹੋਰਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਹ ਕਈ ਵਾਰ ਉਚ ਅਧਿਕਾਰੀਆਂ ਨੂੰ ਮਿਲ ਕੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਉਹ ਹਰੇਕ ਵਾਰ ਟਾਲਾ ਵੱਟ ਜਾਂਦੇ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਐੱਲਆਈਸੀ ਦੇ ਦਫਤਰ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।