ਪੱਤਰ ਪ੍ਰੇਰਕ
ਚੰਡੀਗੜ੍ਹ, 6 ਅਪਰੈਲ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਹੋਸਟਲ ਨਾਲ ਸਬੰਧਤ ਕੁਝ ਸਮੱਸਿਆਵਾਂ ਨੂੰ ਲੈ ਕੇ ਡੀਐੱਸਡਬਲਿਊ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਵਿਦਿਆਰਥੀ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸਾਰੇ ਹੋਸਟਲਾਂ ਵਿੱਚ ਸੀਟਾਂ ਵਧਾਈਆਂ ਜਾਣ, ਲੋੜਵੰਦ ਵਿਦਿਆਰਥੀਆਂ ਨੂੰ ਗੈਸਟ ਆਧਾਰ ’ਤੇ ਹੋਸਟਲ ਮੁਹੱਈਆ ਕਰਵਾਉਣ ਦੀ ਵਿਵਸਥਾ ਮੁੜ ਸ਼ੁਰੂ ਕੀਤੀ ਜਾਵੇ, ਸਾਰੇ ਹੋਸਟਲਾਂ ਵਿੱਚ ਆਧੁਨਿਕ ਰਸੋਈਆਂ ਬਣਾਈਆਂ ਜਾਣ ਅਤੇ ਸਫ਼ਾਈ ਦੇ ਚੰਗੇ ਪ੍ਰਬੰਧ ਕੀਤੇ ਜਾਣ। ਜਥੇਬੰਦੀ ਦੀ ਪੀ.ਯੂ. ਇਕਾਈ ਦੇ ਪ੍ਰਧਾਨ ਅਮਿਤ ਪੂਨੀਆ ਤੇ ਸਕੱਤਰ ਸੌਰਿਆ ਮਹਿਰਾ ਨੇ ਦੋਸ਼ ਲਾਇਆ ਕਿ ਵਿਦਿਆਰਥੀ ਕੇਂਦਰ ’ਚ ਖਾਣਾ ਪਰੋਸਣ ਵਾਲੀਆਂ ਦੁਕਾਨਾਂ ਦੇ ਠੇਕੇਦਾਰ ਵਿਦਿਆਰਥੀਆਂ ਤੋਂ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ, ਜੋ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ 19 ਜਨਵਰੀ 2022 ਨੂੰ ਡੀਨ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥੀ ਕੇਂਦਰ ਦੀਆਂ ਦੁਕਾਨਾਂ ’ਤੇ ਉਪਲਬਧ ਸਾਮਾਨ ਦੀ ਰੇਟ ਲਿਸਟ ਜਾਰੀ ਕੀਤੀ ਗਈ ਸੀ, ਪਰ ਉਸ ਅਨੁਸਾਰ ਵਿਦਿਆਰਥੀ ਕੇਂਦਰ ਦੀਆਂ ਦੁਕਾਨਾਂ ਦੇ ਠੇਕੇਦਾਰ ਪੈਸੇ ਨਹੀਂ ਲੈ ਰਹੇ। ਇਸ ਸਬੰਧੀ ਡੀਐੱਸਡਬਲਿਊ ਪ੍ਰੋਫੈਸਰ ਜਗਤਾਰ ਸਿੰਘ ਅਤੇ ਐਸੋਸੀਏਟ ਡੀਐੱਸਡਬਲਿਊ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਜਲਦ ਵਿਚਾਰ ਕੀਤਾ ਜਾਵੇਗਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਅਥਾਰਿਟੀ ਨੇ ਆਪਣੇ ਵਾਅਦੇ ਮੁਤਾਬਕ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵਿਦਿਆਰਥੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।