ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 20 ਅਕਤੂਬਰ
ਪੰਚਾਇਤ ਸਕੱਤਰ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਦੇ ਸਮਿਤੀ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੂਬਾ ਪ੍ਰਧਾਨ ਮੰਗਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਗਰੋਂ ਯੂਨੀਅਨ ਆਗੂਆਂ ਦੀ ਵਿੱਤ ਸਕੱਤਰ ਅਤੇ ਡਾਇਰੈਕਟ (ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ) ਦੀ ਹਾਜ਼ਰੀ ਵਿੱਚ ਮੀਟਿੰਗ ਹੋਈ। ਯੂਨੀਅਨ ਆਗੂਆਂ ਨੇ ਪਿਛਲੀਆ ਸਰਕਾਰਾਂ ਮੌਕੇ ਦੀਵਾਲੀ ਮੌਕੇ ਮਹਿਕਮਾ ਪੇਂਡੂ ਅਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਵੱਲੋਂ ਬਲਾਕਾਂ ਦੇ ਖੇਤਰੀ ਸਟਾਫ਼ ਤੋਂ ਪੈਸੇ ਦੀ ਉਗਰਾਹੀ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਖਾਤਰ ਜੋ ਦੀਵਾਲੀ ਵਗਾਰ ਦੇ ਨਾਮ ਉੱਪਰ ਉਗਰਾਹੀ ਕੀਤੀ ਜਾਂਦੀ ਹੈ ਨੂੰ ਬੰਦ ਕਰਨ ਦਾ ਮੰਗ ਰੱਖੀ। ਇਸ ’ਤੇ ਮੰਤਰੀ ਨੇ ਮੌਕੇ ’ਤੇ ਹੀ ਹਾਜ਼ਰ ਡਾਇਰੈਕਟਰ ਨੂੰ ਇਹ ਦੀਵਾਲੀ ਵਗਾਰ ਬੰਦ ਕਰਨ ਲਈ ਵਿਭਾਗੀ ਵੱਲੋਂ ਤੁਰੰਤ ਪੱਤਰ ਜਾਰੀ ਕਰਨ ਲਈ ਆਦੇਸ਼ ਦਿੱਤਾ ਅਤੇ ਬਾਕੀ ਮੰਗਾਂ ਸਬੰਧੀ ਆਉਣ ਵਾਲੇ ਦਿਨਾਂ ਵਿਚ ਦੁਆਰਾ ਮੀਟਿੰਗ ਕਰਨ ਦਾ ਸੱਦਾ ਦਿੱਤਾ।