ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਕਤੂਬਰ
ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਦੀ ਮੇਅਰ ਰਾਜ ਬਾਲਾ ਮਲਿਕ ਦੇ ਇਕਾਂਤਵਾਸ ਕਾਰਨ ਪਿਛਲੇ ਮਹੀਨੇ ਸਤੰਬਰ ਵਿੱਚ ਨਗਰ ਨਿਗਮ ਹਾਊਸ ਦੀ ਮੀਟਿੰਗ ਨਹੀਂ ਹੋਈ। ਹਰ ਮਹੀਨੇ ਹੋਣ ਵਾਲੀ ਨਿਗਮ ਹਾਊਸ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਂਦੀ ਹੈ। ਮੀਟਿੰਗ ਦੌਰਾਨ ਹੀ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਹੋਰ ਪ੍ਰਾਜੈਕਟਾਂ ਅਤੇ ਯੋਜਨਾਵਾਂ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਂਦੀ ਹੈ। ਪਿਛਲੇ ਸਤੰਬਰ ਮਹੀਨੇ ਵਿੱਚ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਕਈਂ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਜਾ ਸਕੀ। ਨਗਰ ਨਿਗਮ ਦੇ ਕੌਂਸਲਰਾਂ ਨੇ ਨਿਗਮ ਹਾਊਸ ਦੀ ਮੀਟਿੰਗ ਤੁਰੰਤ ਬੁਲਾਏ ਜਾਣ ਦੀ ਮੰਗ ਕੀਤੀ ਹੈ।
ਇਸ ਬਾਰੇ ਨਿਗਮ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਸਤੀਸ਼ ਕੈਂਥ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਮੇਅਰ ਦੇ ਇਕਾਂਤਵਾਸ ਹੋਣ ਦੀ ਸੂਰਤ ਵਿੱਚ ਸੀਨੀਅਰ ਡਿਪਟੀ ਮੇਅਰ ਦੀ ਅਗਵਾਈ ਹੇਠ ਨਗਰ ਨਿਗਮ ਦੀ ਮੀਟਿੰਗ ਸੱਦੀ ਜਾਵੇ। ਊਨ੍ਹਾਂ ਕਿਹਾ ਕਿ ਨਿਗਮ ਕੋਲ ਫੰਡਾਂ ਦੀ ਤੋਟ ਕਾਰਨ ਇਸ ਸਮੇਂ ਸ਼ਹਿਰ ਵਿੱਚ ਲਗਪਗ ਸਾਰੇ ਵਿਕਾਸ ਕਾਰਜ ਠੱਪ ਪਏ ਹਨ। ਇਸ ਸਮੇਂ ਇਹ ਹਾਲਾਤ ਵੀ ਪੈਦਾ ਹੋ ਰਹੇ ਹਨ ਕਿ ਭਵਿੱਖ ਵਿੱਚ ਨਗਰ ਨਿਗਮ ਆਪਣੇ ਕਰਮਚਾਰੀਆਂ ਨੂੰ ਤਨਖਾਹ ਤੱਕ ਦਾ ਭੁਗਤਾਨ ਵੀ ਨਹੀਂ ਕਰ ਸਕੇਗੀ। ਉਨ੍ਹਾਂ ਪ੍ਰਸ਼ਾਸਕ ਨੂੰ ਦੱਸਿਆ ਕਿ ਨਗਰ ਨਿਗਮ ਵਿੱਚ ਅਫਸਰਸ਼ਾਹੀ ਹਾਵੀ ਹੋ ਰਹੀ ਹੈ। ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਚੁਣ ਕੇ ਆਏ ਕੌਂਸਲਰਾਂ ਨੂੰ ਪੁੱਛੇ ਬਿਨਾਂ ਜਾਣ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਅਫਸਰਾਂ ਵੱਲੋਂ ਆਪਣੇ ਪੱਧਰ ’ਤੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਚਿੱਠੀ ਵਿੱਚ ਇੱਥੋਂ ਦੇ ਸੈਕਟਰ 23 ਸਥਿਤ ਰੇਹੜੀ ਮਾਰਕੀਟ ਦੇ ਸ਼ੈੱਡਾਂ ਦੀਆਂ ਦੁਕਾਨਾਂ ਦਾ ਕਿਰਾਇਆ ਵਧਾਉਣ ਦਾ ਜ਼ਿਕਰ ਵੀ ਕੀਤਾ। ਸ੍ਰੀ ਕੈਂਥ ਨੇ ਪ੍ਰਸ਼ਾਸਕ ਨੂੰ ਦੱਸਿਆ ਕਿ ਨਿਗਮ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਹੋਣ ਤੋਂ ਪਹਿਲਾਂ ਹੀ ਜਲਦਬਾਜ਼ੀ ਵਿੱਚ ਆਪਣੇ ਪੱਧਰ ’ਤੇ ਫੈਸਲਾ ਕਰਕੇ ਇਨ੍ਹਾਂ ਦੁਕਾਨਦਾਰਾਂ ਨੂੰ ਵਧਾਏ ਗਏ ਕਿਰਾਏ ਅਨੁਸਾਰ ਭੁਗਤਾਨ ਕਰਨ ਦੇ ਨੋਟਿਸ ਵੀ ਭੇਜ ਦਿੱਤੇ ਹਨ।
ਇਸੇ ਤਰ੍ਹਾਂ ਸ਼ਹਿਰ ਵਿੱਚ ਪਾਣੀ ਦੇ ਬਿੱਲਾਂ ਵਿੱਚ ਕੀਤੇ ਗਏ ਵਾਧੇ ਨੂੰ ਵੀ ਨਿਗਮ ਪ੍ਰਸ਼ਾਸਨ ਨੇ ਧੱਕੇ ਨਾਲ ਸ਼ਹਿਰ ਵਾਸੀਆਂ ’ਤੇ ਲਾਗੂ ਕਰ ਦਿੱਤਾ ਜਦੋਂ ਕਿ ਇਸ ਬਾਰੇ ਨਿਗਮ ਹਾਊਸ ਦੀ ਮੀਟਿੰਗ ਵਿੱਚ ਚਰਚਾ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਨਗਰ ਨਿਗਮ ਹਾਊਸ ਦੀ ਮਾਸਿਕ ਮੀਟਿੰਗ ਜਲਦ ਬੁਲਾਉਣੀ ਜ਼ਰੂਰੀ ਹੈ। ਕੈਂਥ ਨੇ ਸ਼ਹਿਰ ਦੇ ਪਿੰਡਾਂ ਦੀ ਮਾੜੀ ਹਾਲਤ ਬਾਰੇ ਵੀ ਜ਼ਿਕਰ ਕੀਤਾ। ਊਨ੍ਹਾਂ ਕਿਹਾ ਕਿ ਪਿੰਡ ਵਾਸੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਚਰਚਾ ਕਰਨ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰਫਤਾਰ ਦੇਣ ਲਈ ਨਿਗਮ ਹਾਊਸ ਦੀ ਤਤਕਾਲ ਮੀਟਿੰਗ ਸੱਦਣ ਦੀ ਜ਼ਰੂਰਤ ਹੈ।