ਹਰਜੀਤ ਸਿੰਘ
ਜ਼ੀਰਕਪੁਰ, 1 ਅਗਸਤ
ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਜੱਦੀ ਲੋਹਗੜ੍ਹ ਖੇਤਰ ਦਾ ਵਿਕਾਸ ਇਨ੍ਹੀਂ ਦਿਨੀ ਸਿਆਸਤ ਦੀ ਭੇਟ ਚੜ੍ਹਕੇ ਰਹਿ ਗਿਆ ਹੈ। ਇਸ ਖੇਤਰ ਵਿੱਚ ਲੰਮੇ ਸਮੇਂ ਤੋਂ ਵਿਕਾਸ ਕੰਮ ਨਹੀਂ ਹੋ ਰਹੇ। ਸਿੱਟੇ ਵਜੋਂ ਇਸ ਖੇਤਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਇਥੋਂ ਦੇ ਪਾਰਕ ਦੀ ਦੇਖ-ਰੇਖ ਨਾ ਹੋਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ ਆਪਣੀ ਜੱਦੀ ਖੇਤਰ ਲੋਹਗੜ੍ਹ ਦੇ ਵਿਕਾਸ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਜਦੋਂ ਦੀ ਸੂਬੇ ਵਿੱਚ ਸਰਕਾਰ ਅਤੇ ਹੁਣ ਕੌਂਸਲ ’ਤੇ ਕਾਂਗਰਸ ਕਾਬਜ਼ ਹੋਈ ਹੈ ਉਸ ਮਗਰੋਂ ਇਸ ਖੇਤਰ ਨਾਲ ਵਿਕਾਸ ਪਖੋਂ ਕਥਿਤ ਵਿਤਕਰਾ ਸ਼ੁਰੂ ਹੋ ਗਿਆ ਹੈ। ਇਸ ਖੇਤਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਥਾਂ ਥਾਂ ਤੋਂ ਟੁੱਟ ਗਈ ਹੈ। ਇਸ ਦੀ ਮਾੜੀ ਹਾਲਤ ਪਿੱਛੇ ਸੜਕ ਨੂੰ ਬਿਨਾਂ ਕਿਸੇ ਮਨਜ਼ਰੀ ਦੇ ਪਾਈਪ ਲਾਈਨ ਪਾਉਣ ਲਈ ਥਾਂ ਥਾਂ ਕੀਤੀ ਖ਼ੁਦਾਈ ਹੈ। ਖ਼ੁਦਾਈ ਮਗਰੋਂ ਇਸ ਦੀ ਸਹੀ ਢੰਗ ਨਾਲ ਮੁਰੰਮਤ ਨਹੀਂ ਕੀਤੀ ਗਈ। ਸਿੱਟੇ ਵਜੋਂ ਸੜਕ ਕੁਝ ਦਿਨਾਂ ਮਗਰੋਂ ਟੁੱਟਣੀ ਸ਼ੁਰੂ ਹੋ ਗਈ। ਟੁੱਟੀ ਸੜਥ ਤੋਂ ਰਾਹਗੀਰਾਂ ਨੂੰ ਚੱਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਇਥੇ ਮਿਉਂਸਿਪਲ ਪਾਰਕ ਦੀ ਹਾਲਤ ਕਾਫੀ ਮਾੜੀ ਹੋ ਗਈ ਹੈ। ਪਾਰਕ ਵਿੱਚ ਸਾਫ ਸਫਾਈ ਨਾ ਹੋਣ ਕਾਰਨ ਇਥੇ ਘਾਹ, ਬੂਟੀ ਅਤੇ ਝਾੜੀਆਂ ਉੱਗ ਗਈਆਂ ਹਨ ਤੇ ਝੂਲੇ ਤੇ ਓਪਨ ਜਿੰਮ ਵੀ ਟੁੱਟ ਚੁੱਕੇ ਹਨ।
ਗੱਲ ਕਰਨ ’ਤੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਾਣਬੁੱਝ ਕੇ ਇਸ ਖੇਤਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੇ ਵਿਕਾਸ ਸਬੰਧੀ ਮਤੇ ਵੀ ਪਾਸ ਕੀਤੇ ਗਏ ਸੀ ਪਰ ਜਾਣਬੁੱਝ ਕੇ ਕੰਮ ਨਹੀਂ ਹੋਣ ਦਿੱਤਾ ਗਿਆ।
ਉਧਰ, ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਜ਼ੀਰਕਪੁਰ ਖੇਤਰ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਝੂਠੇ ਪੱਖਪਾਤ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਸੜਕ ਅਤੇ ਪਾਰਕ ਸਮੇਤ ਹੋਰ ਪਾਸੇ ਲੋੜੀਂਦੇ ਕੰਮ ਕਰਵਾਏ ਜਾਣਗੇ।