ਮੁੱਖ ਅੰਸ਼
- ਜ਼ੀਰਕਪੁਰ ’ਚ ਜਾਮ ਤੇ ਪਾਣੀ ਦੀ ਨਿਕਾਸੀ ਅਤੇ ਡੇਰਾਬੱਸੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ
- ਖੇਡ, ਸਿੱਖਿਆ ਅਤੇ ਸਿਹਤ ਪੱਖੋਂ ਹਲਕਾ ਪੱਛੜਿਆ
ਹਰਜੀਤ ਸਿੰਘ
ਡੇਰਾਬੱਸੀ, 16 ਫਰਵਰੀ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਡੇਰਾਬੱਸੀ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਪ੍ਰਚਾਰ ’ਚ ਆਪਣੀ ਸਾਰੀ ਤਾਕਤ ਝੋਕੀ ਹੋਈ ਹੈ। ਇਨ੍ਹਾਂ ਉਮੀਦਵਾਰਾਂ ਵੱਲੋਂ ਗਲੀਆਂ ਤੇ ਨਾਲੀਆਂ ਬਣਾਏ ਜਾਣ ਨੂੰ ਹੀ ਪ੍ਰਾਪਤੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਵੱਲੋਂ ਹਲਕੇ ਦੇ ਵਿਕਾਸ ਦੀ ਥਾਂ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਇਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦਾ ਮੁੱਦਾ ਭਾਰੂ ਹੋਣ ਕਰ ਕੇ ਇਨ੍ਹਾਂ ਚੋਣਾਂ ਵਿਚ ਵੀ ਹਲਕੇ ਦੇ ਵਿਕਾਸ ਦੀ ਗੱਲ ਪਿੱਛੇ ਰਹਿ ਗਈ ਜਾਪਦੀ ਹੈ। ਹਲਕੇ ਦੇ ਸਭ ਤੋਂ ਵਿਕਸਤ ਸ਼ਹਿਰ ਜ਼ੀਰਕਪੁਰ ਵਿੱਚ ਜਾਮ, ਮੀਂਹ ਦੇ ਪਾਣੀ ਦੀ ਨਿਕਾਸੀ, ਪਾਰਕਿੰਗ, ਲਗਾਤਾਰ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ, ਸੜਕਾਂ ਦੀ ਖਸਤਾ ਹਾਲਤ, ਬੇਤਰਤੀਬ ਵੱਸੀਆਂ ਕਲੋਨੀਆਂ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਉਮੀਦਵਾਰ ਨਵੀਂ ਯੋਜਨਾ ਪੇਸ਼ ਨਹੀਂ ਕਰ ਰਿਹਾ ਹੈ। ਇਸੇ ਤਰ੍ਹਾਂ ਡੇਰਾਬੱਸੀ ਵਿੱਚ ਪ੍ਰਦੂਸ਼ਣ, ਜਾਮ, ਸੜਕਾਂ ਦੀ ਖਸਤਾ ਹਾਲਤ ਸਣੇ ਹੋਰ ਸਮੱਸਿਆਵਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈ।
ਦੂਜੇ ਪਾਸੇ ਹਲਕੇ ਵਿੱਚ ਖੇਡਾਂ ਦੇ ਖੇਤਰ ’ਚ ਕੋਈ ਕੰਮ ਨਹੀਂ ਹੋਇਆ ਹੈ। ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਕੋਈ ਖੇਡ ਸਟੇਡੀਅਮ ਨਹੀਂ ਹੈ। ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਇਕਲੌਤੇ ਇਨਡੌਰ ਖੇਡ ਸਟੇਡੀਅਮ ਦੀ ਹਾਲਤ ਵੀ ਖ਼ਸਤਾ ਬਣੀ ਪਈ ਹੈ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲਾਂ ਦਾ ਕੋਈ ਸੁਧਾਰ ਨਹੀਂ ਹੋਇਆ ਹੈ। ਸਿਹਤ ਦੇ ਖੇਤਰ ਵਿੱਚ ਜ਼ੀਰਕਪੁਰ ਅਤੇ ਡੇਰਾਬੱਸੀ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਸੇਵਾਵਾਂ ਨਹੀਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਲੋੜ ਹੈ ਇਸ ਹਲਕੇ ਨੂੰ ਚੰਡੀਗੜ੍ਹ ਦੀ ਤਰਜ਼ ’ਤੇ ਪੂਰੇ ਯੋਜਨਾਬੱਧ ਢੰਗ ਨਾਲ ਵਿਕਸਤ ਕੀਤਾ ਜਾਵੇ, ਜਿਸ ਵਿੱਚ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਚੰਗੀ ਸਿਹਤ, ਸਿੱਖਿਆ, ਚੰਗੇ ਪਾਰਕ, ਖੇਡ ਮੈਦਾਨ ਸਣੇ ਖੁੱਲ੍ਹੀ ਸੜਕਾਂ ਅਤੇ ਮਾਰਕੀਟਾਂ ਵਿੱਚ ਢੁੱਕਵੇਂ ਪਾਰਕਿੰਗ ਦੇ ਪ੍ਰਬੰਧ ਸਣੇ ਨਹਿਰੀ ਪਾਣੀ, ਲੋਕਲ ਟਰਾਂਸਪੋਰਟ ਦਾ ਪ੍ਰਬੰਧ ਹੋਣਾ ਚਾਹੀਦਾ ਹੈ।