ਹਰਜੀਤ ਸਿੰਘ
ਜ਼ੀਰਕਪੁਰ/ਡੇਰਾਬੱਸੀ, 5 ਫਰਵਰੀ
ਸ਼ਹਿਰ ਵਿੱਚ ਜਾਮ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਿਨ ਦਿਹਾੜੇ ਗੰਭੀਰ ਹੁੰਦੀ ਜਾ ਰਹੀ ਹੈ। ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਹਰ ਵੇਲੇ ਜਾਮ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੀਆਂ ਟਰੈਫਿਕ ਲਾਈਟ ਸਿੰਘਪੁਰਾ, ਮੈਕ ਡੌਨਲਡ, ਪਟਿਆਲਾ ਚੌਕ, ਕਾਲਕਾ ਚੌਕ ਤੇ ਹਰ ਵੇਲੇ ਵਾਹਨਾਂ ਦਾ ਘੜਮੱਸ ਰਹਿੰਦਾ ਹੈ। ਇਸ ਤੋਂ ਇਲਾਵਾ ਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਨੂੰ ਜ਼ੀਰਕਪੁਰ ਦੇ ਢਕੋਲੀ ਖੇਤਰ ਨਾਲ ਜੋੜਨ ਵਾਲੀ ਪੁਰਾਣੀ ਕਾਲਕਾ ਸੜਕ ਵੀ ਵਾਹਨਾਂ ਦੀ ਸਮਰਥਾਂ ਮੁਤਾਬਕ ਕਾਫੀ ਤੰਗ ਹੈ। ਢਕੋਲੀ ਖੇਤਰ ਵਿੱਚ ਪੁਲੀਸ ਸਟੇਸ਼ਨ ਦੇ ਸਾਹਮਣੇ ਹਰ ਵੇਲੇ ਜਾਮ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ, ਜਿਨ੍ਹਾਂ ’ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਮੀਂਹ ਨੇ ਸੜਕਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਸ਼ਹਿਰ ਦੇ ਲੋਹਗੜ੍ਹ, ਬਲਟਾਣਾ, ਢਕੋਲੀ ਅਤੇ ਪੀਰਮੁਛੱਲਾ ਖੇਤਰ ਵਿੱਚ ਚਿੱਕੜ ਕਾਰਨ ਸੜਕਾਂ ’ਤੇ ਚਲਣਾ ਮੁਸ਼ਕਲ ਹੋਇਆ ਪਿਆ ਹੈ।ਢਕੋਲੀ ਖੇਤਰ ਵਿੱਚ ਸੜਕਾਂ ਥਾਂ ਥਾਂ ਤੋਂ ਧੱਸ ਗਈਆਂ ਹਨ। ਇਸ ਤੋਂ ਇਲਾਵਾ ਨਗਲਾ ਰੋਡ ’ਤੇ ਟਾਈਲਾਂ ਲਾਉਣ ਕਾਰਨ ਇਸ ਸੜਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਸੜਕਾਂ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਦਿੱਕਤ ਆ ਰਹੀ ਹੈ। ਸੜਕਾਂ ਦੀ ਉਸਾਰੀ ਮੁਕੰਮਲ ਹੋਣ ਮਗਰੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਡੇਰਾਬੱਸੀ ਬਰਵਾਲਾ ਰੋਡ ਦੀ ਹਾਲਤ ਵੀ ਖਸਤਾ ਹੋ ਰਹੀ ਹੈ। ਖੱਡਿਆਂ ਵਿੱਚ ਡਿੱਗ ਕੇ ਰੋਜ਼ਾਨਾ ਵਾਹਨ ਹਾਦਸਾਗ੍ਰਸਤ ਹੋ ਰਹੇ ਹਨ। ਅੱਜ ਵੀ ਇਥੇ ਇਕ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਕਾਰਨ ਘੰਟਿਆਬੱਧੀ ਜਾਮ ਲੱਗਿਆ ਰਿਹਾ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਡੇਰਾਬਸੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਛੇਤੀ ਇਸ ਸੜਕ ਦੀ ਮੁਰੰਮਤ ਕਰਵਾਉਣ ਲਈ ਸਬੰਧਿਤ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ ਜਾਏਗਾ।