ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਅਪਰੈਲ
ਯੂਟੀ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਰਾਈਟ ਟੂ ਐਜੂਕੇਸ਼ਨ (ਆਰਟੀਈ) ਤਹਿਤ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐਸ) ਵਿਦਿਆਰਥੀਆਂ ਨੂੰ ਤੈਅ ਸੀਟਾਂ ਅਨੁਸਾਰ ਦਾਖਲਾ ਨਾ ਦੇਣ ’ਤੇ ਸਿੱਖਿਆ ਵਿਭਾਗ ਨੇ ਅੱਜ ਸਕੂਲਾਂ ਦੀਆਂ ਖਾਲੀ ਰਹਿੰਦੀਆਂ ਸੀਟਾਂ ਦੇ ਵੇਰਵੇ ਨਸ਼ਰ ਕਰ ਦਿੱਤੇ ਹਨ। ਮਾਪੇ ਆਪਣੇ ਬੱਚਿਆਂ ਲਈ ਇਨ੍ਹਾਂ ਸੀਟਾਂ ’ਤੇ 9 ਅਪਰੈਲ ਤੋਂ 13 ਅਪਰੈਲ ਤਕ ਅਪਲਾਈ ਕਰ ਸਕਦੇ ਹਨ। ਇਸ ਵੇਲੇ ਗਿਆਨਦੀਪ ਮਾਡਲ ਸਕੂਲ ਸੈਕਟਰ 21 ਵਿਚ 5 ਸੀਟਾਂ, ਮਾਨਵ ਮੰਗਲ ਸਕੂਲ ਸੈਕਟਰ 21 ਵਿਚ 16, ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਸੈਕਟਰ 35 ਵਿਚ 6, ਟੈਂਡਰ ਹਾਰਟ ਸਕੂਲ ਸੈਕਟਰ 33 ਵਿਚ 2, ਆਦਰਸ਼ ਬਾਲ ਵਿਦਿਆਪੀਠ ਸਕੂਲ ਸੈਕਟਰ 47 ਵਿਚ 4, ਬਾਲ ਮੰਦਰ ਸਕੂਲ ਹੱਲੋਮਾਜਰਾ ਵਿਚ 13, ਨਾਰਥਰਿਜ ਇੰਟਰਨੈਸ਼ਨਲ ਸਕੂਲ ਸੈਕਟਰ 46 ਵਿਚ 4, ਪੁਲੀਸ ਪਬਲਿਕ ਸਕੂਲ ਸੈਕਟਰ 48 ਵਿਚ 8 ਸੀਟਾਂ ਖਾਲੀ ਹਨ।
ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ
ਇਥੋਂ ਦੇ ਸਰਕਾਰੀ ਸਕੂਲ ਵਿਚ ਨਵਾਂ ਸੈਸ਼ਨ 18 ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ। ਵਿਭਾਗ ਨੇ ਇਨ੍ਹਾਂ ਸਕੂਲਾਂ ਦੇ ਸਮੇਂ ਵਿੱਚ ਵੀ ਬਦਲਾਅ ਕਰ ਦਿੱਤਾ ਹੈ। ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿਚ ਸਕੂਲ ਸਵੇਰੇ 8 ਵਜੇ ਤੋਂ 2 ਵਜੇ ਤਕ ਹੋਵੇਗਾ। ਡਬਲ ਸ਼ਿਫਟ ਵਾਲੇ ਸਕੂਲਾਂ ਵਿਚ 6ਵੀਂ ਤੋਂ 12 ਵੀਂ ਲਈ ਸਮਾਂ 7 ਵਜ ਕੇ 15 ਮਿੰਟ ਤੋਂ ਦੁਪਹਿਰ 12.45 ਤਕ ਹੋਵੇਗਾ। ਪਹਿਲੀ ਤੋਂ ਪੰਜਵੀਂ ਜਮਾਤ ਲਈ ਦੁਪਹਿਰ ਇਕ ਤੋਂ ਸਾਢੇ ਪੰਜ ਵਜੇ ਤਕ ਦਾ ਸਮਾਂ ਹੋਵੇਗਾ।