ਜਗਮੋਹਨ ਸਿੰਘ
ਘਨੌਲੀ, 13 ਅਗਸਤ
ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਕੂਲੀ ਸਿੱਖਿਆ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਸ੍ਰੀ ਜੌੜਾਮਾਜਰਾ ਨੇ ਕਮਿਊਨਿਟੀ ਸਿਹਤ ਕੇਂਦਰ ਭਰਤਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ ਭਰਤਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਸਨ ਪਰ ਇਸ ਇਮਾਰਤ ਦੇ ਨਿਰਮਾਣ ਲਈ ਮਟੀਰੀਅਲ ਬਹੁਤ ਹੀ ਘਟੀਆ ਦਰਜੇ ਦਾ ਵਰਤਿਆ ਗਿਆ ਹੈ, ਜਿਸ ਦੀ ਗੁਣਵੱਤਾ ਬਹੁਤ ਹੀ ਹੇਠਲੇ ਦਰਜੇ ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਵਿਚ ਜ਼ਰੂਰੀ ਸਹੂਲਤਾਂ ਦੀ ਵੀ ਘਾਟ ਹੈ ਪਰ ਹੁਣ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਕਮਿਊਨਿਟੀ ਸਿਹਤ ਕੇਂਦਰ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮਾਰਗ ’ਤੇ ਪੈਂਦੇ ਇਸ ਸਿਹਤ ਕੇਂਦਰ ਵਿਚ ਡਾਕਟਰਾਂ ਦੀ ਕਮੀ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਸਿਹਤ ਮੰਤਰੀ ਉਨ੍ਹਾਂ ਦੇ ਵਿਸ਼ੇਸ਼ ਸੱਦੇ ’ਤੇ ਉਨ੍ਹਾਂ ਦੇ ਹਲਕੇ ਦੇ ਹਸਪਤਾਲਾਂ ਦਾ ਮੁਆਇਨਾ ਕਰਨ ਆਏ ਹਨ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਐੱਸਐੱਮਓ ਡਾ.ਅਨੰਦ ਘਈ, ਡਾ. ਕੰਵਰਪ੍ਰੀਤ ਸਿੰਘ, ਡਾ. ਅਕਸ਼ਿਤ, ਤਨੂ ਮਲਹੋਤਰਾ, ਪਾਲ ਸਿੰਘ, ਬ੍ਰਿਜ ਮੋਹਣ, ਨੰਬਰਦਾਰ ਹਰਕ੍ਰਿਪਾਲ ਸਿੰਘ, ਗੁਰਸੇਵਕ ਸਿੰਘ ਰਾਣਾ ਭਰਤਗੜ੍ਹ, ਬਲਦੀਪ ਸਿੰਘ ਭੁੱਲਰ, ਹਰਵਿੰਦਰ ਕੌਰ ਕੋਟਬਾਲਾ ਤੇ ਰਣਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਸਰਕਲ ਭਰਤਗੜ੍ਹ ਹਾਜ਼ਰ ਸਨ।