ਹਰਜੀਤ ਸਿੰਘ
ਡੇਰਾਬੱਸੀ, 16 ਅਕਤੂਬਰ
ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਭਲਕੇ ਸੋਮਵਾਰ ਨੂੰ ਕੌਂਸਲ ਦਫ਼ਤਰ ਵਿੱਚ ਐੱਸਡੀਐੱਮ ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਮੂਹ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਨਗਰ ਕੌਂਸਲ ਵਿੱਚ ਕੁੱਲ 19 ਵਾਰਡ ਹਨ ਜਿਸ ਮੁਤਾਬਕ ਨਵੇਂ ਪ੍ਰਧਾਨ ਦੀ ਚੋਣ ਲਈ ਦਸ ਵੋਟਾਂ ਲੋੜੀਂਦੀਆਂ ਹਨ। ਜਦਕਿ ਅਕਾਲੀ ਦਲ ਦੇ ਤਿੰਨ ਕੌਂਸਲਰਾਂ ਨੇ ਵੀ ਵਿਧਾਇਕ ਸ੍ਰੀ ਰੰਧਾਵਾ ਨੂੰ ਨਵੇਂ ਪ੍ਰਧਾਨ ਲਈ ਸ਼ਹਿਰ ਦੇ ਵਿਕਾਸ ਲਈ ਬਾਹਰ ਤੋਂ ਸਮਰਥਨ ਦਿੱਤਾ ਹੋਇਆ ਹੈ। ਆਮ ਆਦਮੀ ਪਾਰਟੀ ਵਿੱਚ ਲੰਘੇ ਦਿਨੀਂ ਨੌਂ ਕੌਂਸਲਰ ਸ਼ਾਮਲ ਹੋਏ ਸੀ ਜਦਕਿ ਇੱਕ ਵੋਟ ਹਲਕਾ ਵਿਧਾਇਕ ਸ੍ਰੀ ਰੰਧਾਵਾ ਦੀ ਹੋਣ ਕਾਰਨ ਉਨ੍ਹਾਂ ਕੋਲ ਬਹੁਮਤ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 13 ਤੋਂ ਆਪ ਪਾਰਟੀ ਦੀ ਕੌਂਸਲਰ ਆਸ਼ੂ ਉਪਨੇਜਾ ਪਤਨੀ ਨਰੇਸ਼ ਉਪਨੇਜਾ ਪ੍ਰਧਾਨ ਦੀ ਦੌੜ ਵਿੱਚ ਮੋਹਰੀ ਨਜ਼ਰ ਆ ਰਹੀ ਹੈ। ਉਂਜ ਪ੍ਰਧਾਨਗੀ ਲਈ ਵਾਰਡ ਨੰਬਰ 17 ਤੋਂ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ ਪਾਲੀ ਅਤੇ ਵਾਰਡ ਨੰਬਰ 19 ਤੋਂ ਕੌਂਸਲਰ ਐਡਵੋਕੇਟ ਵਿਕਰਾਂਤ ਦਾ ਨਾਂਅ ਵੀ ਚਰਚਾ ਵਿੱਚ ਬਣਿਆ ਹੋਇਆ ਹੈ। ਅਸਲ ਨਾਂਅ ਕਲ੍ਹ ਹੀ ਸਾਹਮਣੇ ਆਏਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਕੌਂਸਲਰਾਂ ਵੱਲੋਂ ਪ੍ਰਧਾਨ ਦੇ ਨਾਂਅ ਫਾਈਨਲ ਕਰਨ ਲਈ ਹਲਕਾ ਵਿਧਾਇਕ ਸ੍ਰੀ ਰੰਧਾਵਾ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ।