ਹਰਜੀਤ ਸਿੰਘ
ਡੇਰਾਬੱਸੀ, 3 ਅਕਤੂਬਰ
ਇੱਥੋਂ ਦੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਲੰਘੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਅੱਜ ਸੱਚ ਸਾਬਤ ਹੋਈ। ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸੱਕਤਰ ਵਿਵੇਕ ਪ੍ਰਤਾਪ ਸਿੰਘ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਲਾਲੜੂ ਕੌਂਸਲ ਪ੍ਰਧਾਨ ਬਿੰਦੂ ਰਾਣਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੌਂਸਲ ਵਿੱਚ ਕੁੱਲ 19 ਕੌਂਸਲਰ ਹਨ। ਇਨ੍ਹਾਂ ਵਿੱਚ 14 ਕਾਂਗਰਸ, ਇਕ ਆਜ਼ਾਦ, ਇਕ ਭਾਜਪਾ ਅਤੇ ਤਿੰਨ ਅਕਾਲੀ ਦਲ ਦੇ ਕੌਂਸਲਰ ਸ਼ਾਮਲ ਹਨ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਸਭ ਤੋਂ ਨੇੜਲੇ ਰਣਜੀਤ ਸਿੰਘ ਰੈਡੀ ਨੂੰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਸੀ ਜਦੋਂ ਕਿ ਬਹੁਗਿਣਤੀ ਕੌਂਸਲਰ ਰੈਡੀ ਦਾ ਵਿਰੋਧ ਕਰ ਰਹੇ ਸਨ। ਲੰਘੇ ਦਿਨੀਂ ਸਫਾਈ ਸੇਵਕ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿੱਚ ਰੈਡੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਨੂੰ 21 ਦਿਨ ਨਿਆਂਇਕ ਹਿਰਾਸਤ ਵਿੱਚ ਰਹਿਣਾ ਪਿਆ ਸੀ। ਉਸ ਮਗਰੋਂ ਕੌਂਸਲਰਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਸੀ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆ ਨੇ ਅਸਤੀਫਾ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੈਡੀ ਵੱਲੋਂ ਆਪਣੇ ਅਸਤੀਫੇ ਵਿੱਚ ਘਰੇਲੂ ਅਤੇ ਕਾਰੋਬਾਰੀ ਮਜਬੂਰੀਆਂ ਦੱਸਦਿਆਂ 21 ਸਤੰਬਰ ਨੂੰ ਆਪਣਾ ਅਸਤੀਫਾ ਦਿੱਤਾ ਗਿਆ ਸੀ। ਅਸਤੀਫੇ ਨੂੰ ਮਨਜ਼ੂਰੀ ਲਈ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ਗਿਆ ਸੀ ਜਿਸ ਨੂੰ ਅੱਜ ਮਨਜ਼ੂਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਵਿਭਾਗ ਦੀ ਹਦਾਇਤ ’ਤੇ ਅਗਲੇ ਪ੍ਰਧਾਨ ਦੀ ਚੋਣ ਕਰਵਾਈ ਜਾਏਗੀ ਜਿਸ ਦੌਰਾਨ ਕੌਂਸਲ ਦਾ ਸਾਰਾ ਕੰਮ ਪ੍ਰਬੰਧਕ ਦੇਖਣਗੇ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਰੈਡੀ ਦਾ ਅਸਤੀਫਾ ਮਨਜ਼ੂਰ ਹੋਣ ਮਗਰੋਂ ਹੁਣ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਨਵੀਂ ਚੁਣੀ ਜਾਣ ਵਾਲੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।