ਹਰਜੀਤ ਸਿੰਘ
ਡੇਰਾਬੱਸੀ, 4 ਨਵੰਬਰ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਨਵੇਂ ਸਿਰੇ ਤੋਂ ਕੀਤੀ ਵਾਰਡਬੰਦੀ ਨੂੰ ਲੈ ਕੇ ਡੇਰਾਬੱਸੀ ਦੀ ਸਿਆਸਤ ਭਖ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਲਈ ਕੌਂਸਲ ਦਫ਼ਤਰ ਵਿੱਚ ਨਵੀਂ ਵਾਰਡਬੰਦੀ ਦਾ ਨਕਸ਼ਾ ਜਨਤਕ ਕੀਤਾ ਗਿਆ ਹੈ। ਨਵੀਂ ਵਾਰਡਬੰਦੀ ਦੇ ਨਕਸ਼ੇ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਕਾਂਗਰਸੀ ਵੀ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਰਹੇ ਹਨ।
ਇਕੱਤਰ ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰ ਦੀ ਨਵੀਂ ਵਾਰਡਬੰਦੀ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦਾ ਧੜਾ ਭਾਰੂ ਹੈ। ਸੂਤਰਾਂ ਅਨੁਸਾਰ ਪੂਰੀ ਵਾਰਡਬੰਦੀ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਸ ’ਤੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਤਰਾਜ਼ ਦਰਜ ਕਰਵਾਏ ਗਏ ਹਨ।
ਇਸ ਬਾਰੇ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਾਰਡਬੰਦੀ ਕਰਦੇ ਹੋਏ ਸਾਰੇ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ’ਤੇ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ।
ਇਸੇ ਤਰ੍ਹਾਂ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਤੇ ਨਗਰ ਕੌਂਸਲ ਚੋਣਾਂ ਦੇ ਇੰਚਾਰਜ ਮੁਕੇਸ਼ ਗਾਂਧੀ ਨੇ ਕਿਹਾ ਕਿ ਇੱਥੋਂ ਦੀ ਵਸੋਂ ਦੇ ਹਿਸਾਬ ਨਾਲ ਜ਼ਿਆਦਾ ਵਾਰਡ ਬਣਨੇ ਚਾਹੀਦੇ ਸਨ ਪਰ ਕਾਂਗਰਸੀ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਘੱਟ ਵਾਰਡ ਬਣਾਏ ਗਏ ਹਨ।