ਹਰਜੀਤ ਸਿੰਘ
ਡੇਰਾਬੱਸੀ, 17 ਨਵੰਬਰ
ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖ਼ਰਚ ਕਰ ਕੇ ਬਣਾਏ ਸ਼ਹਿਰ ਦੇ ਪਾਰਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ’ਤੇ ਕੌਂਸਲ ਵੱਲੋਂ ਸ਼ਹਿਰ ਵਿੱਚ ਤਿੰਨ ਪਾਰਕ ਵਿਕਸਤ ਕੀਤੇ ਗਏ ਸਨ। ਲੱਖਾਂ ਰੁਪਏ ਖ਼ਰਚ ਕਰ ਕੇ ਤਿਆਰ ਕੀਤੇ ਇਨ੍ਹਾਂ ਪਾਰਕਾਂ ਵਿੱਚ ਕੌਂਸਲ ਵੱਲੋਂ ਬੱਚਿਆਂ ਲਈ ਝੂਲੇ ਲਾਉਣ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਬੂਟੇ, ਸੈਰ ਕਰਨ ਲਈ ਟਰੈਕ ਅਤੇ ਬੈਠਣ ਲਈ ਬੈਂਚਾਂ ਸਣੇ ਘਾਹ ਲਾਇਆ ਗਿਆ ਸੀ।
ਕੌਂਸਲ ਵੱਲੋਂ ਇਨ੍ਹਾਂ ਪਾਰਕਾਂ ਦੀ ਦੇਖ-ਰੇਖ ਵਾਲੇ ਧਿਆਨ ਨਾ ਦੇਣ ਕਾਰਨ ਇਨ੍ਹਾਂ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਸ਼ਹਿਰ ਵਾਸੀ ਪਾਰਕਾਂ ਦੀ ਹਾਲਤ ਸੁਧਾਰਨ ਦੀ ਫ਼ਰਿਆਦ ਕਰ ਰਹੇ ਹਨ ਪਰ ਕੌਂਸਲ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਸ ਵੇਲੇ ਪਾਰਕਾਂ ਵਿਚ ਵੱਡਾ-ਵੱਡਾ ਘਾਹ ਤੇ ਝਾੜੀਆਂ ਉੱਗ ਗਈਆਂ ਹਨ। ਬੈਂਚ ਤੇ ਟਰੈਕ ਟੁੱਟ ਗਏ ਹਨ। ਬੱਚਿਆਂ ਦੇ ਝੂਲੇ ਵੀ ਟੁੱਟਣੇ ਸ਼ੁਰੂ ਹੋ ਗਏ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਛੇਤੀ ਪਾਰਕਾਂ ਦੀ ਦਿੱਖ ਸੁਧਾਰੀ ਜਾਵੇਗੀ।