ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 5 ਜਨਵਰੀ
ਇਥੋਂ ਦੀ ਤਹਿਸੀਲ ਸੜਕ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਹੱਲ ਹੋਣ ਦਾ ਨਾਂਅ ਨਹੀਂ ਲੈ ਰਹੀ। ਇਸ ਕਾਰਨ ਇਥੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸਥਾਨਕ ਲੋਕ ਲੰਮੇ ਸਮੇ ਤੋਂ ਇਸ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਡੇਰਾਬੱਸੀ ਬੱਸ ਸਟੈਂਡ ਤੋਂ ਦਰਜਨਾਂ ਪਿੰਡਾਂ ਨੂੰ ਜਾਣ ਵਾਲੀ ਤਹਿਸੀਲ ਸੜਕ ਇਲਾਕੇ ਦੀ ਅਹਿਮ ਸੜਕ ਹੈ। ਪਿੰਡਾਂ ਦੇ ਲੋਕ ਇਸ ਸੜਕ ਰਾਹੀਂ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਉਂਦੇ-ਜਾਂਦੇ ਹਨ।
ਜਾਮ ਤੋਂ ਨਿਜਾਤ ਲਈ ਕੰਮ ਕਰ ਰਹੇ ਹਾਂ: ਡੀਐੱਸਪੀ
ਡੀ.ਐੱਸ.ਪੀ. ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਇਥੇ ਆਉਣ ਵਾਲੇ ਵਾਹਨਾਂ ਦੇ ਹਿਸਾਬ ਨਾਲ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਇਹ ਸਮੱਸਿਆ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਨੂੰ ਕੰਟਰੋਲ ਕਰਨ ਲਈ ਸਵੇਰ ਤੋਂ ਸ਼ਾਮ ਤੱਕ ਟਰੈਫਿਕ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ।