ਹਰਜੀਤ ਸਿੰਘ
ਡੇਰਾਬੱਸੀ, 28 ਜੂਨ
ਇਥੋਂ ਦੀ ਹੈਬਤਪੁਰ ਰੋਡ ’ਤੇ ਲੰਘੀ 26 ਜੂਨ ਦੇਰ ਸ਼ਾਮ ਨੂੰ ਇਕ ਨੌਜਵਾਨ ’ਤੇ ਗੋਲੀ ਚਲਾਉਣ ਵਾਲੇ ਮੁਬਾਰਿਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਖ਼ਿਲਾਫ਼ ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੂੰ ਐੱਸ.ਐੱਸ.ਪੀ. (ਮੁਹਾਲੀ) ਵਿਵੇਕਸ਼ੀਲ ਸੋਨੀ ਵੱਲੋਂ ਲੰਘੀ ਦੇਰ ਸ਼ਾਮ ਮੁਅੱਤਲ ਕਰ ਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਸੀ। ਐੱਸ.ਐੱਸ.ਪੀ. ਨੇ ਚੌਕੀ ਇੰਚਾਰਜ ਦੇ ਨਾਲ ਮੌਜੂਦ ਦੋ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੋਨੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਐੱਸਪੀ (ਹੈੱਡਕੁਆਟਰ) ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਐੱਸਪੀ ਹੈੱਡਕੁਆਟਰ ਤੋਂ ਇਲਾਵਾ ਡੀ.ਐੱਸ.ਪੀ. ਡੇਰਾਬੱਸੀ ਅਤੇ ਡੀ.ਐੱਸ.ਪੀ. ਮੁਲਾਂਪੁਰ ਸ਼ਾਮਲ ਹਨ। ਜਾਂਚ ਕਮੇਟੀ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਚੌਕੀ ਇੰਚਾਰਜ ਨੂੰ ਗੋਲੀ ਚਲਾਉਣ ਦੀ ਨੌਬਤ ਕਿਉਂ ਆਈ ਅਤੇ ਪਰਿਵਾਰ ਵੱਲੋਂ ਪੁਲੀਸ ਪਾਰਟੀ ਨਾਲ ਹੱਥੋਪਾਈ ਕਿਉਂ ਕੀਤੀ ਗਈ। ਇਸ ਮਾਮਲੇ ਬਾਰੇ 30 ਜੂਨ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਲੰਘੀ 26 ਜੂਨ ਨੂੰ ਮੁਬਾਰਿਕਪੁਰ ਚੌਕੀ ਇੰਚਾਰਜ ਬਲਵਿੰਦਰ ਸਿੰਘ ਪੁਲੀਸ ਦੀ ਸਰਕਾਰੀ ਗੱਡੀ ਵਿੱਚ ਦੋ ਹੋਰ ਪੁਲੀਸ ਮੁਲਾਜ਼ਮਾਂ ਨਾਲ ਹੈਬਤਪੁਰ ਰੋਡ ’ਤੇ ਗਸ਼ਤ ਕਰ ਰਹੇ ਸਨ। ਰਾਤ ਦੇ ਕਰੀਬ ਸਾਢੇ ਨੌ ਵਜੇ ਗੁਲਮੋਹਰ ਸਿਟੀ ਦੇ ਸਾਹਮਣੇ ਮੋਟਰਸਾਈਕਲ ’ਤੇ ਇਕ ਨੌਜਵਾਨ ਅਕਸ਼ੈ ਅਤੇ ਲੜਕੀ ਪੂਜਾ ਖੜ੍ਹੇ ਸਨ। ਨੌਜਵਾਨ ਅਕਸ਼ੈ ਨੇ ਆਪਣੇ ਪਿੱਠ ’ਤੇ ਬੈੱਗ ਟੰਗਿਆ ਹੋਇਆ ਸੀ। ਚੌਕੀ ਇੰਚਾਰਜ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਿਸ ਵੱਲੋਂ ਤਸੱਲੀਬਖ਼ਸ ਜਵਾਬ ਨਹੀਂ ਦਿੱਤਾ ਗਿਆ। ਬੈੱਗ ਦੀ ਤਲਾਸ਼ੀ ਲੈਣ ਦੀ ਗੱਲ ਆਖੀ ਗਈ ਤਾਂ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋ ਗਿਆ। ਗੱਲ ਐਨੀ ਵੱਧ ਗਈ ਕਿ ਅਕਸ਼ੈ ਨੇ ਗੁਲਮੋਹਰ ਸਿਟੀ ਤੋਂ ਪੂਜਾ ਦੇ ਭਰਾ ਅਤੇ ਛੋਟੀ ਭੈਣ ਨੂੰ ਬੁਲਾ ਲਿਆ। ਉਨ੍ਹਾਂ ਨੇ ਆਉਂਦੇ ਹੀ ਚੌਕੀ ਇੰਚਾਰਜ ਅਤੇ ਪੁਲੀਸ ਪਾਰਟੀ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਪਿੱਛੇ ਹੱਟ ਰਿਹਾ ਸੀ ਪਰ ਉਸ ਦੇ ਪਿੱਛੇ ਇਕ ਮੋਟਰਸਾਈਕਲ ਆ ਗਿਆ ਜਿਸ ਕਾਰਨ ਉਹ ਘਿਰ ਗਿਆ ਅਤੇ ਉਸ ਨੇ ਆਪਣੇ ਬਚਾਅ ਲਈ ਗੋਲੀ ਚਲਾ ਦਿੱਤੀ। ਗੋਲੀ ਪੂਜਾ ਦੇ ਭਰਾ ਹਿਤੇਸ਼ ਉਰਫ਼ ਹੈਪੀ ਦੇ ਪੱਟ ਵਿੱਚ ਲੱਗੀ। ਜ਼ਖ਼ਮੀ ਹਿਤੇਸ਼ ਨੂੰ ਚੰਡੀਗੜ੍ਹ ਦੇ ਪੀਜੀਆਈ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।