ਡੇਰਾਬੱਸੀ (ਹਰਜੀਤ ਸਿੰਘ): ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੌਰਾਨ ਅੱਜ 19 ਵਾਰਡਾਂ ਵਿੱਚ 67 ਪ੍ਰਤੀਸ਼ਤ ਵੋਟਾਂ ਪਈਆਂ। ਇਸ ਦੌਰਾਨ ਵੱਖ-ਵੱਖ ਵਾਰਡਾਂ ਵਿੱਚ ਹੋਏ ਝਗੜਿਆਂ ਦੌਰਾਨ ਚਾਰ ਜਣੇ ਜ਼ਖ਼ਮੀ ਹੋ ਗਏ। ਵਾਰਡ ਨੰਬਰ-12 ਵਿੱਚ ਭਾਜਪਾ ਆਗੂ ਮੁਕੇਸ਼ ਗਾਂਧੀ ’ਤੇ ਹਮਲਾ ਹੋਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਲੱਕੀ ਵੱਲੋਂ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਵਾਰਡ ਵਾਸੀਆਂ ਸਮੇਤ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। ਪੁਲੀਸ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਦਫਤਰ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਆਗੂ ਵੱਲੋਂ ਵਾਰਡ ਦਾ ਮਾਹੌਲ ਖ਼ਰਾਬ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ-18 ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਵਿੰਦਰ ਸਿੰਘ ਪਿੰਕਾ ਦੇ ਸਮਰਥਕ ਮਦਨ ਲਾਲ ਦੇ ਘਰ ਵਿੱਚ ਵੜ ਕੇ ਅਣਪਛਾਤੇ ਜਣਿਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੌਰਾਨ ਉਸ ਦਾ ਸਿਰ ਫਟ ਗਿਆ। ਜ਼ਖ਼ਮੀ ਮਦਨ ਨਾਲ ਨੂੰ ਸੈਕਟਰ-32 ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਹਰਵਿੰਦਰ ਸਿੰਘ ਪਿੰਕਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਇਕ ਉਮੀਦਵਾਰ ਨੇ ਉਸ ਦੇ ਸਮਰਥਕ ਪਰਿਵਾਰ ’ਤੇ ਹਮਲਾ ਕਰਵਾਇਆ ਹੈ। ਇਸੇ ਤਰਾਂ ਪਿੰਡ ਸੈਦਪੁਰਾ ਵਿੱਚ ਪੈਂਦੇ ਵਾਰਡ ਨੰਬਰ-8 ਵਿੱਚ ਭਾਜਪਾ ਉਮੀਦਵਾਰ ਨਿਰਮਲ ਸਿੰਘ ਨਿੰਮਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਵਿਚਕਾਰ ਪੋਲਿੰਗ ਏਜੰਟ ਨੂੰ ਲੈ ਕੇ ਝਗੜਾ ਹੋ ਗਿਆ। ਦੋਹਾਂ ਦਾ ਇਕ-ਇਕ ਸਮਰਥਕ ਜ਼ਖ਼ਮੀ ਹੋ ਗਿਆ। ਰਿਟਰਨਿੰਗ ਅਫਸਰ-ਕਮ-ਐੱਸ.ਡੀ.ਐੱਮ. ਕੁਲਦੀਪ ਬਾਵਾ ਨੇ ਕਿਹਾ ਕਿ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਵੋਟਾਂ ਪਈਆਂ ਹਨ। ਇਸੇ ਦੌਰਾਨ ਡੀ.ਐੱਸ.ਪੀ. ਗੁਰਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਹਿੰਸਕ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।