ਹਰਜੀਤ ਸਿੰਘ
ਡੇਰਾਬੱਸੀ, 13 ਅਗਸਤ
ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਬਣ ਰਹੀਆਂ ਇਮਾਰਤਾਂ ਦੇ ਨਕਸ਼ਿਆਂ ਦੀ ਮਨਜ਼ੂਰੀ ਸਾਲ 2019-20 ਤੋਂ ਆਨਲਾਈਨ ਨਕਸ਼ੇ ਈ ਪੋਰਟਲ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਣ-ਅਧਿਕਾਰਿਤ ਕਲੋਨੀਆਂ ਦੇ ਪਲਾਟਾਂ ਦੀ ਰੈਗੂਲਰਾਈਜੇਸ਼ਨ ਸਬੰਧੀ ਸਰਟੀਫਿਕੇਟ ਕੋਈ ਇਤਰਾਜ਼ ਨਹੀਂ (ਐੱਨਓਸੀ), ਚੇਂਜ ਆਫ ਲੈਂਡ ਯੂਜਿਸ (ਸੀਐੱਲਯੂ), ਜ਼ੋਨ ਪਲਾਨ, ਲੇ ਆਊਟ, ਟੈਲੀ ਕਾਮਨੀਕੇਸ਼ਨ ਟਾਵਰ ਦੀ ਪ੍ਰਵਾਨਗੀ ਵੀ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਕਾਰਜਸਾਧਕ ਅਫ਼ਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਸੇਵਾਵਾਂ ਆਨਲਾਈਨ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਣਗੀਆਂ, ਇਸ ਲਈ ਦਫ਼ਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੈ। ਸ਼ਹਿਰ ਵਾਸੀ ਸਹੂਲਤਾਂ ਪ੍ਰਾਪਤ ਕਰਨ ਲਈ ਆਨ ਲਾਈਨ ਪ੍ਰੀਕਿਆ ਰਾਹੀਂ ਸਹੂਲਤਾਂ ਪ੍ਰਾਪਤ ਕਰਨ ਨੂੰ ਤਰਹੀਜ ਦੇਣ।
ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਵੱਖ ਵੱਖ ਸੜਕਾਂ ਬਜ਼ਾਰਾਂ ਵਿੱਚ ਫਲ੍ਹਾਂ, ਸਬਜ਼ੀਆਂ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਆਕਤੀਆਂ ਨੂੰ ਸਟ੍ਰੀਟ ਵੈਂਡਰਜ਼ ਐਕਟ-2014 ਦੇ ਤਹਿਤ ਥਾਂ ਦੇਣ ਲਈ ਨਗਰ ਕੌਂਸਲ ਵੱਲੋਂ ਦੋ ਸਾਈਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਕ ਸਾਈਟ ਰਾਮਲੀਲਾ ਗਰਾਊਂਡ ਅਤੇ ਦੂਜੀ ਫਾਇਰ ਬ੍ਰਿਗੇਡ ਦਫ਼ਤਰ ਨੇੜੇ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਇਟਾਂ ਨੂੰ ਤਿਆਰ ਕਰਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇਗੀ ਅਤੇ ਇਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ। ਇਨ੍ਹਾਂ ਦੋ ਸਾਈਟਾਂ ਤੇ ਰੇੜੀਆਂ ਫੜ੍ਹੀਆਂ ਲਗਾਉਣ ਨਾਲ ਸ਼ਹਿਰ ਵਿਚੋਂ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ।
ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਲੋਕਡੌਨ ਦੌਰਾਨ ਰੇਹੜੀ ਫੜੀ ਵਾਲਿਆਂ ਦਾ ਕੰਮ ਕਾਜ ਠੱਪ ਹੋ ਜਾਣ ਕਾਰਨ ਪੀਐੱਮ ਸਵੈਨਿਧੀ ਯੋਜਨਾ ਤਹਿਤ 10,000/-ਰੁਪਏ ਦਾ ਲੋਨ ਪ੍ਰਤੀ ਸਟ੍ਰੀਟ ਵੈਂਡਰ ਨੂੰ ਆਸਾਨ ਕਿਸ਼ਤਾਂ ’ਤੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਲੋਨ ਚੁਕਾਉਣ ਵਾਲੇ ਨੂੰ 7 ਫ਼ੀਸਦੀ ਸਲਾਨਾ ਵਿਆਜ ਸਬਸਿਡੀ ਦੇ ਤੌਰ ਤੇ ਵਾਪਸ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਜਾਵੇਗਾ। ਇਸ ਸਕੀਮ ਤਹਿਤ ਲੋਨ ਨਿਰਧਾਰਤ ਸਮੇਂ ਤੋਂ ਪਹਿਲਾਂ ਵੀ ਵਾਪਸ ਕੀਤਾ ਜਾ ਸਕਦਾ ਹੈ ਜਿਸ ਦਾ ਹੋਰ ਲੋਨ ਲੈਣ ਸਮੇਂ ਫਾਇਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲੋਨ ਲੈਣ ਵਾਲੇ ਵਿਅਕਤੀ ਦਫ਼ਤਰ ਨਗਰ ਕੌਂਸਲ ਵਿੱਚ ਆਪਣੀ ਦਰਖਾਸਤ ਜਮ੍ਹਾਂ ਕਰਵਾ ਸਕਦੇ ਹਨ।