ਹਰਜੀਤ ਸਿੰਘ
ਡੇਰਾਬੱਸੀ, 26 ਸਤੰਬਰ
ਇਥੋਂ ਦੇ ਮੀਰਾਮੱਲੀ ਮੁਹੱਲੇ ਵਿੱਚ ਇਮਾਰਤ ਡਿੱਗਣ ਨਾਲ ਚਾਰ ਜਣਿਆਂ ਦੀ ਮੌਤ ਦੇ ਮਾਮਲੇ ਵਿੱਚ ਅੱਜ ਮ੍ਰਿਤਕ ਇਮਾਰਤ ਦੇ ਮਾਲਕ ਸੇਵਾਮੁਕਤ ਮਾਸਟਰ ਹਰੀਦੇਵ ਸਿੰਘ ਦਾ ਅੰਤਿਮ ਸੰਸਕਾਰ ਬਰਵਾਲਾ ਰੋਡ ‘ਤੇ ਸੈਣੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮਾਮਲੇ ਦੀ ਐਸ.ਡੀ.ਐਮ. ਕੁਲਦੀਪ ਬਾਵਾ ਵੱਲੋਂ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਹਾਦਸੇ ਲਈ ਕੌਂਸਲ ਦੇ ਅਧਿਕਾਰੀਆਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਕੌਂਸਲ ਦਫਤਰ ਤੋਂ ਮਹਿਜ਼ 100 ਗਜ਼ ਦੀ ਦੂਰੀ ‘ਤੇ ਸਥਿਤ ਇਹ ਇਮਾਰਤ ਪੂਰੀ ਤਰ੍ਹਾਂ ਨਾਜਾਇਜ਼ ਬਣ ਰਹੀ ਸੀ ਤੇ ਬਿਲਡਿੰਗ ਇੰਸਪੈਕਟਰ ਵੱਲੋਂ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤੀ ਗਈ।
ਜਾਣਕਾਰੀ ਅਨੁਸਾਰ ਆਰਕੀਟੈਕਟ ਵਿਭਾਗ ਵੱਲੋਂ 100 ਫੁੱਟ ਦੇ ਲੈਂਟਰ ਦੇ ਸਪੋਰਟ ਲਈ 16 ਆਰਸੀਸੀ ਦੇ ਪਿੱਲਰ ਦੇਣੇ ਸੀ ਪਰ ਮਾਲਕਾਂ ਵੱਲੋਂ ਆਰਸੀਸੀ ਦਾ ਇਕ ਵੀ ਪਿੱਲਰ ਨਹੀਂ ਦਿੱਤਾ ਗਿਆ। ਮਾਲਕਾਂ ਵੱਲੋਂ ਆਰਸੀਸੀ ਦੀ ਥਾਂ ‘ਤੇ ਇੱਟਾਂ ਦੇ ਪਿੱਲਰ ਸਪੋਰਟ ਲਈ ਦਿੱਤੇ ਗਏ ਸੀ ਪਰ ਇਨ੍ਹਾਂ ਇੱਟਾਂ ਦੇ ਪਿੱਲਰਾਂ ਵਿੱਚ ਵੀ ਪਾਣੀ ਦੀ ਨਿਕਾਸੀ ਦੇ ਪਾਈਪ ਪਾਏ ਹੋਏ ਸੀ ਜਿਸ ਕਾਰਨ ਇਹ ਪਿੱਲਰ ਖੋਖਲੇ ਸਨ ਜੋ ਲੈਂਟਰ ਦਾ ਭਾਰ ਝੱਲਣ ਵਿੱਚ ਨਾਕਾਮ ਰਹੇ। ਇਸ ਤੋਂ ਇਲਾਵਾ ਮਾਲਕਾਂ ਵੱਲੋਂ ਤੀਹ ਸਾਲ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਗਈ। ਇਮਾਰਤ ਦੇ ਸੱਜੇ ਪਾਸੇ ਚਾਰ ਇੰਚ ਦੀ ਕੰਧ ਪੁਰਾਣੀ ਗਾਰੇ ਦੀ ਸੀ ਜੋ ਹਾਦਸੇ ਦਾ ਇਕ ਅਹਿਮ ਕਾਰਨ ਸਾਬਿਤ ਹੋਇਆ। ਜਾਣਕਾਰੀ ਅਨੁਸਾਰ ਬਿਲਡਿੰਗ ਇੰਸਪੈਕਟਰ ਵੱਲੋਂ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤਦੇ ਹੋਏ ਮੌਕੇ ਦਾ ਇਕ ਵਾਰ ਵੀ ਦੌਰਾ ਨਹੀਂ ਕੀਤਾ ਗਿਆ।
ਬਿਲਡਿੰਗ ਇੰਸਪੈਕਟਰ ਨੇ ਪੱਲਾ ਝਾੜਿਆ
ਕੌਂਸਲ ਦੇ ਬਿਲਡਿੰਗ ਇੰਸਪੈਕਟਰ ਸਰਬਜੀਤ ਸਿੰਘ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਇਹ ਡਿਊਟੀ ਸੁਪਰਵਾਈਜ਼ਰ ਦੀ ਹੁੰਦੀ ਹੈ। ਪਰ ਜਦ ਉਸ ਨੂੰ ਪੁੱਛਿਆ ਗਿਆ ਕਿ ਬਿਲਡਿੰਗ ਇੰਸਪੈਕਟਰ ਦਾ ਕੀ ਰੋਲ ਹੁੰਦਾ ਹੈ ਤਾਂ ਉਸ ਨੇ ਮੰਨਿਆ ਕਿ ਕਿਸੇ ਵੀ ਇਮਾਰਤ ਨੂੰ ਨਕਸ਼ੇ ਮੁਤਾਬਕ ਦੇਖਣਾ ਉਸ ਦੀ ਜ਼ਿੰਮੇਵਾਰੀ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਇਮਾਰਤ ਨਕਸ਼ੇ ਮੁਤਾਬਕ ਬਣ ਰਹੀ ਸੀ। ਪਰ ਇਮਾਰਤ ਤਕਨੀਕੀ ਰੂਪ ਵਿੱਚ ਸਹੀ ਨਹੀਂ ਸੀ।
ਕੀ ਕਹਿੰਦੇ ਨੇ ਐੱਸਡੀਐੱਮ
ਐਸ.ਡੀ.ਐਮ. ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਏਗੀ ਜਿਸ ਮਗਰੋਂ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਾਰਵਾਈ ਲਈ ਸੌਂਪੀ ਜਾਏਗੀ।