ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਅਕਤੂਬਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੀ ਰੋਕਥਾਮ ਦੇ ਮੱਦੇਨਜ਼ਰ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਸਿਹਤ ਮੰਤਰੀ ਓਪੀ ਸੋਨੀ ਦੀਆਂ ਹਦਾਇਤਾਂ ’ਤੇ ਡਾ. ਰਾਜੂ ਧੀਰ ਨੂੰ ਜ਼ਿਲ੍ਹਾ ਮੁਹਾਲੀ ਲਈ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਬੂਥਗੜ੍ਹ, ਕੁਰਾਲੀ, ਖਰੜ, ਬਨੂੜ, ਜ਼ੀਰਕਪੁਰ, ਡੇਰਾਬੱਸੀ, ਲਾਲੜੂ ਆਦਿ ਇਲਾਕਿਆਂ ਵਿੱਚ ਸਾਰੇ ਉਚ-ਜੋਖਮ ਵਾਲੇ ਖੇਤਰਾਂ ਨੂੰ ਕਵਰ ਕੀਤਾ ਅਤੇ ਡੇਂਗੂ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਦੌਰਿਆਂ ਸਬੰਧੀ ਸ਼ਾਮ ਨੂੰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਡੇਂਗੂ ਬਾਰੇ ਮੌਜੂਦਾ ਸਥਿਤੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੇ ਬਚਾਅ ਲਈ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੇ ਟੈੱਸਟ ਲਈ ਕਿੱਟਾਂ, ਮੁਫ਼ਤ ਦਵਾਈਆਂ ਅਤੇ ਮਰੀਜ਼ਾਂ ਲਈ ਲੋੜੀਂਦੇ ਬੈੱਡਾਂ/ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ।