ਪੱਤਰ ਪ੍ਰੇਰਕ
ਰੂਪਨਗਰ, 19 ਜੂਨ
27ਵੇਂ ਕੌਮੀ ਰੀਡਿੰਗ ਡੇਅ ਉੱਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖਾਲੀ ਪਈ ਜਗ੍ਹਾ ਦੀ ਸੁਚੱਜੀ ਵਰਤੋਂ ਕਰਨ ਦੇ ਮਕਸਦ ਨਾਲ ਖੁੱਲ੍ਹੀ ਲਾਇਬ੍ਰੇਰੀ ਖੋਲ੍ਹੀ ਗਈ। ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਪ੍ਰਤੀ ਆਪਣਾ ਰੁਝਾਨ ਵਧਾਉਣ ਲਈ ਪ੍ਰੇਰਿਤ ਕੀਤਾ। ਸੇਵਾਮੁਕਤ ਲੈਕਚਰਾਰ ਇੰਦਰਜੀਤ ਸਿੰਘ ਬਾਲਾ ਨੇ ਆਪਣੇ ਜੀਵਨ ਨਾਲ ਜੁੜੇ ਤਜਰਬੇ ਸਾਂਝੇ ਕਰਦਿਆਂ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਸਟੋਰੀ ਟੈਲਿੰਗ ਅਤੇ ਰੀਡਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਹਰਜੋਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਜ਼ਿਲ੍ਹਾ ਰੁਜ਼ਗਾਰ ਅਫਸਰ ਰੂਪਨਗਰ ਅਰੁਣ ਕੁਮਾਰ, ਡਿਪਟੀ ਡੀ.ਈ.ਓ. (ਸੈਕੰਡਰੀ) ਸੁਰਿੰਦਰਪਾਲ ਸਿੰਘ, ਡਿਪਟੀ ਡੀ.ਈ.ਓ.(ਐਲੀਮੈਂਟਰੀ) ਰੰਜਨਾ ਕਟਿਆਲ, ਜ਼ਿਲ੍ਹਾ ਭਾਸ਼ਾ ਅਫਸਰ ਗੁਰਿੰਦਰ ਸਿੰਘ ਕਲਸੀ, ਡੀ.ਐੱਮ.(ਖੇਡਾਂ) ਬਲਜਿੰਦਰ ਸਿੰਘ ਤੇ ਕਰੀਅਰ ਕੌਂਸਲਰ ਸੁਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।