ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਅਗਸਤ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਵਣ ਭਵਨ ਦਾ ਘਿਰਾਓ ਕਰਕੇ ਪ੍ਰਧਾਨ ਮੁੱਖ ਵਣਪਾਲ ਆਰਕੇ ਮਿਸ਼ਰਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾ ਪ੍ਰਦਰਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਰੂਪਨਗਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਅਤੇ ਰਣਜੀਤ ਸਿੰਘ ਗੁਰਦਾਸਪੁਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸ ਰਹੇ ਹਨ। ਜੰਗਲਾਤ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਤਨਖ਼ਾਹਾਂ ਨਾ ਮਿਲਣ ਤੇ ਆਪਣੀਆਂ ਹੋਰ ਜਾਇਜ਼ ਮੰਗਾਂ ਸਬੰਧੀ ਅੱਜ ਪ੍ਰਧਾਨ ਮੁੱਖ ਵਣਪਾਲ ਨਾਲ ਮੁਲਾਕਾਤ ਕਰਨ ਆਏ ਸੀ ਪਰ ਉੱਚ ਅਧਿਕਾਰੀ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਟਾਲਾ ਵੱਟਣ ਦੇ ਰੋਸ ਵਜੋਂ ਜੰਗਲਾਤ ਕਾਮਿਆਂ ਨੇ ਵਣ ਭਵਨ ਦਾ ਘਿਰਾਓ ਕਰਕੇ ਪ੍ਰਧਾਨ ਮੁੱਖ ਵਣਪਾਲ ਅਤੇ ਸਰਕਾਰ ਨੂੰ ਰੱਜ ਕੇ ਕੋਸਿਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਇਸ ਦੌਰਾਨ ਉਨ੍ਹਾਂ ਨੂੰ ਤਨਖ਼ਾਹਾਂ ਨਾ ਦਿੱਤੀਆਂ ਅਤੇ ਹੋਰ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤਾਂ 17 ਅਗਸਤ ਤੋਂ ਵਣ ਭਵਨ ਦੇ ਬਾਹਰ ਪੱਕਾ ਲਗਾਇਆ ਜਾਵੇਗਾ।
ਛਿੰਦਰਪਾਲ ਸਿੰਘ ਛੱਤਬੀੜ, ਵਿਰਸਾ ਸਿੰਘ, ਮਲਕੀਤ ਸਿੰਘ ਮੁਕਤਸਰ, ਸ਼ੇਰ ਸਿੰਘ ਸਰਹਿੰਦ ਤੇ ਸਤਿਨਾਮ ਸਿੰਘ ਸੰਗਰੂਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੂਰੀ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਆਮਦ ’ਤੇ 5 ਅਗਸਤ ਨੂੰ 72ਵਾਂ ਵਣ ਮਹਾਂਉਤਸਵ ਮਨਾਉਣ ’ਤੇ ਕਰੋੜਾਂ ਰੁਪਏ ਖ਼ਰਚੇ ਪਰ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਉਡੀਕ ਰਹੇ ਜੰਗਲਾਤ ਕਾਮਿਆਂ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ।
‘ਆਪ’ ਸਰਕਾਰ ਵੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਹ ਪਈ
ਬਲਵੀਰ ਸਿੰਘ ਤਰਨਤਾਰਨ, ਬੂਟਾ ਸਿੰਘ ਸਮਰਾਲਾ, ਮਨਿੰਦਰ ਸਿੰਘ ਸੀਵਾਂ ਅਤੇ ਰਣਜੀਤ ਸਿੰਘ ਛੱਤਬੀੜ ਚਿੜੀਆਘਰ ਨੇ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਿੱਚ ਡੇਲੀਵੇਜ ਕਾਮੇ ਪਿਛਲੇ 25-25 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ ਪ੍ਰੰਤੂ 75 ਸਾਲਾਂ ਤੋਂ ਪੰਜਾਬ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਸਨ ਪਰ ਤੀਜੇ ਬਦਲ ਵਜੋਂ ਸੱਤਾ ਸੰਭਾਲਣ ਵਾਲੀ ਇਹ ਸਰਕਾਰ ਵੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਹ ਪੈ ਗਈ ਹੈ। ਕੱਚੇ ਕਾਮਿਆਂ ਨੂੰ ਨਾ ਤਨਖ਼ਾਹਾਂ ਮਿਲੀਆਂ ਤੇ ਨਾ ਹੀ ਘੱਟੋ-ਘੱਟ ਉਜ਼ਰਤਾਂ ਵਿੱਚ ਕੋਈ ਵਾਧਾ ਕੀਤਾ ਗਿਆ।