ਕਰਮਜੀਤ ਸਿੰਘ ਚਿੱਲਾ
ਬਨੂੜ, 14 ਅਕਤੂਬਰ
ਬਨੂੜ ਖੇਤਰ ਦੇ ਦਰਜਨ ਦੇ ਕਰੀਬ ਡਿੱਪੂ ਹੋਲਡਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਸਿਵਲ ਸਪਲਾਈ ਵਿਭਾਗ ਦੇ ਸਥਾਨਕ ਇੰਸਪੈਕਟਰ ਦੀਪਲ ਸਿਨਹਾ ’ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਸ ਸਬੰਧੀ ਲਿਖਤੀ ਤੌਰ ’ਤੇ ਵੀ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਮੁੱਚੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਧਰਮਿੰਦਰ ਕੁਮਾਰ, ਗੁਰਸੇਵਕ ਸਿੰਘ, ਸਤਨਾਮ ਸਿੰਘ ਖਲੌਰ, ਮਹਿੰਦਰ ਸਿੰਘ ਖ਼ਿਜ਼ਰਗੜ੍ਹ, ਪ੍ਰਦੀਪ ਕਰਾਲਾ, ਰਾਕੇਸ਼ ਕੁਮਾਰ ਪੱਪੂ ਆਦਿ ਨੇ ਦੱਸਿਆ ਕਿ ਉਹ ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਹਨ ਤੇ ਵਿਭਾਗੀ ਅਧਿਕਾਰੀਆਂ ਕੋਲ ਆਪਣੇ ਬਿਆਨ ਵੀ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਆਈਆਂ ਰਾਸ਼ਨ ਕਿੱਟਾਂ ਵਿੱਚ ਵੀ ਬੇਨਿਯਮੀਆਂ ਕੀਤੀਆਂ ਗਈਆਂ ਹਨ। ਡਿੱਪੂ ਹੋਲਡਰਾਂ ਨੇ ਆਖਿਆ ਕਿ ਸਬੰਧਤ ਇੰਸਪੈਕਟਰ ਦੀ ਇੱਥੋਂ ਬਦਲੀ ਵੀ ਹੋ ਗਈ ਸੀ ਪਰ ਉਹ ਦੁਬਾਰਾ ਮੁੜ ਇੱਥੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਣਕ ਦੀਆਂ ਥੈਲੀਆਂ ਵਿੱਚ ਘੱਟ ਵਜ਼ਨ ਭੇਜਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾਵੇ।
ਇੰਸਪੈਕਟਰ ਸਿਨਹਾ ਨੇ ਦੋਸ਼ ਨਕਾਰੇ
ਇੰਸਪੈਕਟਰ ਦੀਪਕ ਸਿਨਹਾ ਨੇ ਸੰਪਰਕ ਕਰਨ ’ਤੇ ਸਮੁੱਚੇ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਉਹ ਡਿੱਪੂ ਹੋਲਡਰਾਂ ਵੱਲੋਂ ਕੀਤੀਆਂ ਜਾਂਦੀਆਂ ਧਾਂਦਲੀਆਂ ਨੂੰ ਬੰਦ ਕਰਾ ਰਹੇ ਹਨ ਤੇ ਗਰੀਬਾਂ ਨੂੰ ਰਾਸ਼ਨ ਦੀ ਵੰਡ ਪਾਰਦਰਸ਼ੀ ਢੰਗ ਨਾਲ ਕਰਾ ਰਹੇ ਹਨ, ਜਿਸ ਕਾਰਨ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਕਣਕ ਉਨ੍ਹਾਂ ਨੇ ਨਹੀਂ ਵੰਡੀ ਤੇ ਪੰਜ ਮਹੀਨੇ ਪਹਿਲਾਂ ਵੰਡੀ ਗਈ ਕਣਕ ਵਿੱਚ ਜੇਕਰ ਵਜ਼ਨ ਘੱਟ ਸੀ ਤਾਂ ਡਿੱਪੂ ਹੋਲਡਰਾਂ ਨੇ ਉਦੋਂ ਕਿਉਂ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਵਿਭਾਗੀ ਜਾਂਚ ਦਾ ਸਵਾਗਤ ਕਰਦੇ ਹਨ। ਉਨ੍ਹਾਂ ਡਿੱਪੂ ਹੋਲਡਰਾਂ ਵੱਲੋਂ ਰਿਸ਼ਵਤ ਦੇ ਦੋਸ਼ਾਂ ਸਬੰਧੀ ਸਬੂਤਾਂ ਦੀ ਮੰਗ ਕੀਤੀ।