ਸੰਜੀਵ ਬੱਬੀ
ਚਮਕੌਰ ਸਾਹਿਬ, 22 ਅਕਤੂਬਰ
ਇਸ ਖੇਤਰ ਵਿੱਚ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਰੋਜ਼ਾਨਾ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਦੇ ਸੁਤਰਾਂ ਅਨੁਸਾਰ ਹੁਣ ਤੱਕ 13 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜੋ ਸਰਕਾਰੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਪਿੰਡ ਭੋਜੇਮਾਜਰਾ, ਅਸਰਪੁਰ, ਬਜੀਦਪੁਰ, ਬਡਵਾਲੀ, ਖੋਖਰਾਂ, ਸੁਰਤਾਪੁਰ, ਦਾਉਦਪੁਰ ਕਲਾਂ, ਰਸੂਲਪੁਰ, ਜਗਤਪੁਰ, ਰੰਗੀਆਂ, ਚਮਕੌਰ ਸਾਹਿਬ ਵਿੱਚ ਡੇਂਗੂ ਦਾ 1-1 ਮਰੀਜ਼ ਪਾਇਆ ਗਿਆ ਜਦੋਂ ਕਿ ਕਸਬਾ ਬੇਲਾ ਵਿੱਚ 2 ਮਰੀਜ਼ ਮਿਲੇ ਜਿਨ੍ਹਾਂ ਦਾ ਸਿਹਤ ਵਿਭਾਗ ਵੱਲੋਂ ਇਲਾਜ ਕੀਤਾ ਗਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੀਪੀ ਸਿੰਘ ਨੇ ਇਨ੍ਹਾਂ ਮਰੀਜਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਰੋਜ਼ਾਨਾ ਹੀ ਪਿੰਡਾਂ ਵਿੱਚ ਲਾਰਵਾ ਮਿਲਣ ’ਤੇ ਸਪਰੇਅ ਕਰਦੇ ਹਨ। ਇਸ ਤੋਂ ਇਲਾਵਾ ਫੌਗਿੰਗ ਵੀ ਕੀਤੀ ਜਾ ਰਹੀ ਹੈ। ਕਾਰਜਸਾਧਕ ਅਫਸਰ ਅਵਤਾਰ ਚੰਦ ਨੇ ਕਿਹਾ ਕਿ ਮਸ਼ੀਨ ਖਰਾਬ ਹੈ।