ਪੀ.ਪੀ. ਵਰਮਾ
ਪੰਚਕੂਲਾ, 15 ਸਤੰਬਰ
ਕਾਲਕਾ-ਪਿੰਜੌਰ ਵਿੱਚ ਡੇਂਗੂ ਕਾਰਨ ਹੁਣ ਤੱਕ ਡੇਢ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕਾਲਕਾ ਦਾ ਜਨਰਲ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਕਾਲਕਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਰੋਜ਼ਾਨਾ ਡੇਂਗੂ ਬੁਖ਼ਾਰ ਦੇ 130 ਤੋਂ ਵੱਧ ਮਰੀਜ਼ ਆ ਰਹੇ ਹਨ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵੱਖ-ਵੱਖ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹਸਪਤਾਲਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਚੰਡੀਗੜ੍ਹ ਤੋਂ ਫੌਗਿੰਗ ਮਸ਼ੀਨਾਂ ਮੰਗਵਾਈਆਂ ਜਾਣਗੀਆਂ। ਪੰਚਕੂਲਾ ਜ਼ਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ 380 ਤੋਂ ਵੱਧ ਹੋ ਗਈ ਹੈ। ਹੁਣ ਬਰਵਾਲਾ ਬਲਾਕ ਤੋਂ ਵੀ ਡੇਂਗੂ ਦੇ ਮਰੀਜ਼ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਕਾਲਕਾ-ਪਿੰਜੌਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਡੋਰ ਤੋਂ ਡੋਰ ਸਰਵੇ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕੇ ਦੱਸੇ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਬੁਖਾਰ ਨਾਲ ਪੀੜਤ ਮਰੀਜ਼ਾਂ ਬੈੱਡ ਵਧਾਏ ਜਾ ਰਹੇ ਹਨ। ਬਰਵਾਲਾ, ਪਿੰਜੌਰ ਤੇ ਕਾਲਕਾ ਤੋਂ 40 ਤੋਂ ਵੱਧ ਗੰਭੀਰ ਮਰੀਜ਼ ਪੰਚਕੂਲਾ ਦੇ ਸਰਕਾਰੀ ਹਸਪਤਾਲ ਰੈਫ਼ਰ ਹੋ ਰਹੇ ਹਨ। ਕਾਂਗਰਸੀ ਯੂਥ ਆਗੂ ਦੀਪਾਸ਼ੂ ਬਾਂਸਲ ਨੇ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਭੇਜਿਆ ਹੈ ਅਤੇ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਰਿਪੋਰਟ ਦੇਣ ਲਈ ਤਲਬ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।