ਪੱਤਰ ਪ੍ਰੇਰਕ
ਬਨੂੜ, 2 ਨਵੰਬਰ
ਬਨੂੜ ਸ਼ਹਿਰ ਅਤੇ ਸਮੁੱਚੇ ਖੇਤਰ ਵਿਚ ਡੇਂਗੂ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿੱਚ ਅੱਜ ਡੇਂਗੂ ਨਾਲ ਚੌਥੀ ਮੌਤ ਹੋਈ। ਪੇਂਡੂ ਖੇਤਰ ਵਿੱਚ ਵੀ ਪੰਜ ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਦੇ ਵਾਰਗ ਨੰਬਰ ਬਾਰਾਂ ਦੇ 36 ਸਾਲਾ ਨੌਜਵਾਨ ਵਰਿੰਦਰ ਸਿੰਘ ਬਿੱਟੂ ਪੁੱਤਰ ਬਲਦੇਵ ਸਿੰਘ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦੀ ਡੇਂਗੂ ਨੇ ਜਾਨ ਲੈ ਲਈ ਹੈ।
ਮ੍ਰਿਤਕ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਗੁਲੀ ਨੇ ਦੱਸਿਆ ਕਿ ਵਰਿੰਦਰ ਸਿੰਘ ਚਾਰ ਪੰਜ ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ। ਉਹ ਬਨੂੜ ਦੇ ਨਿੱਜੀ ਹਸਪਤਾਲ ਤੋਂ ਦਵਾਈ ਲੈ ਰਿਹਾ ਸੀ। ਉਸ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਸਨੂੰ ਗਿਆਨ ਸਾਗਰ ਹਸਪਤਾਲ ਲਿਜਾਂਦਾ ਗਿਆ ਸੀ, ਜਿੱਥੇ ਉਹ ਬੀਤੀ ਦੇਰ ਰਾਤ ਦਮ ਤੋੜ ਗਿਆ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ ਸੀ ਅਤੇ ਦੋ ਛੋਟੇ ਛੋਟੇ ਬੱਚਿਆਂ ਦਾ ਪਿਤਾ ਸੀ।