ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 3 ਜੂਨ
ਸਿਹਤ ਵਿਭਾਗ ਦੀ ਟੀਮ ਵੱਲੋਂ ਸਿਵਲ ਹਸਪਤਾਲ ਦੀ ਐਂਟੀ ਡੇਂਗੂ ਕੰਨਟੇਨਰ ਟੀਮ ਵੱਲੋਂ ਐੱਸਐੱਮਓ ਡਾਕਟਰ ਸੰਗੀਤਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਲਜ ਕਲੋਨੀ ਦਾ ਸਰਵੇ ਕੀਤਾ ਗਿਆ। ਇਸ ਦੌਰਾਨ ਟੀਮ ਵੱਲੋਂ 90 ਘਰਾਂ ਦਾ ਸਰਵੇ ਕੀਤਾ ਗਿਆ ਜਿਸ ਵਿੱਚੋਂ 10 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਇਸ ਮੌਕੇ ਡਾ. ਜੈਨ ਨੇ ਦੱਸਿਆ ਕਿ ਇਹ ਲਾਰਵਾ ਲੋਕਾਂ ਦੇ ਘਰਾਂ ਵਿੱਚ ਪਏ ਕੂਲਰਾਂ ਵਿੱਚੋਂ ਮਿਲਿਆ ਜਿਸ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ’ਚ ਜਿਥੇ ਕਰੋਨਾ ਤੋਂ ਬਚਣਾ ਸਾਡੀ ਨਿੱਜੀ ਜਿੰਮੇਦਾਰੀ ਹੈ, ਉਥੇ ਡੇਂਗੂ ਤੋਂ ਬਚਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਡੇਂਗੂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਸਾਨੂੰ ਸਤਰਕ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹਰੇਕ ਹਫ਼ਤੇ ਵਿੱਚ ਇਕ ਵਾਰੀ ਕੂਲਰਾਂ ਨੂੰ ਸਾਫ ਕਰ ਸੁਕਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਇਕੱਤਰ ਨਾ ਹੋਣ ਦਿੱਤਾ ਜਾਏ। ਘਰਾਂ ਦੀਆਂ ਛੱਤਾਂ ਉੱਪਰ ਟੈਂਕੀਆਂ ਆਦਿ ਦੇ ਟੁੱਟੇ ਢੱਕਣ ਠੀਕ ਕਰਾ ਲਏ ਜਾਣ ਜੋ ਮੱਛਰਾਂ ਦੇ ਪੈਦਾਇਸ਼ ਦੇ ਸੋਮਿਆਂ ਨੂੰ ਖ਼ਤਮ ਕੀਤਾ ਜਾ ਸਕੇ। ਫਰਿੱਜਾਂ ਦੀ ਵੇਸਟ ਟਰੇਆ ਨੂੰ ਸਾਫ ਕੀਤਾ ਜਾਏ, ਟਾਇਰ, ਟੁੱਟੇ ਬਰਤਨ ਆਦਿ ਨੂੰ ਛੱਤਾਂ ਤੋਂ ਉਤਾਰ ਲਿਆ ਜਾਵੇ ਤਾਂ ਜੋ ਮੀਂਹ ਹੋਣ ਤੋਂ ਪਹਿਲਾਂ ਪਾਣੀ ਛੱਤਾਂ ’ਤੇ ਇਕੱਠਾ ਨਾ ਹੋ ਸਕੇ। ਘਰਾਂ ਵਿੱਚ ਮੱਛਰਾਂ ਨੂੰ ਰੋਕਣ ਲਈ ਜਾਲੀਆਂ ਦੀ ਵਰਤੋਂ ਕੀਤੀ ਜਾਵੇ।